ਇਸਲਾਮਾਬਾਦ: ਪਿਛਲੇ ਕਈ ਸਾਲਾਂ ਤੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਗੜੇ ਰਿਸ਼ਤੇ ਹੁਣ ਕੁਝ ਸੁਲਝਣ ਲੱਗੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਦਿਵਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਿਖੇ ਪਹਿਲੇ ਪੱਤਰ ਤੇ ਇਮਰਾਨ ਖਾਨ ਵੱਲੋਂ ਪੀਐਮ ਮੋਦੀ ਦੇ ਪੱਤਰ ਦੇ ਜਵਾਬ ਤੋਂ ਬਾਅਦ ਸੰਬੰਧ ਸੁਧਰਣੇ ਸ਼ੁਰੂ ਹੋ ਗਏ ਹਨ। ਨਿਊਜ਼ ਏਜੰਸੀ ਰਾਇਟਰਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪਾਕਿਸਤਾਨ ਦੀ ਆਰਥਿਕ ਤਾਲਮੇਲ ਪ੍ਰੀਸ਼ਦ ਨੇ ਭਾਰਤ ਨੂੰ ਕਪਾਹ ਤੇ ਸੂਤੀ ਧਾਗੇ ਦੀ ਇੰਪੋਰਟ ਦੀ ਆਗਿਆ ਦੇ ਦਿੱਤੀ ਹੈ।
ਕਪਾਹ ਦੇ ਆਯਾਤ ਨੂੰ ਪਾਕਿਸਤਾਨ ਦੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਪਾਕਿਸਤਾਨ ਕੈਬਨਿਟ ਨੇ ਨਿੱਜੀ ਖੇਤਰ ਨੂੰ ਵੀ ਭਾਰਤ ਤੋਂ ਖੰਡ ਆਯਾਤ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਸੰਬੰਧ 'ਚ ਭਾਰਤ ਤੋਂ ਪਾਕਿਸਤਾਨ ਮੰਗ ਕਰ ਸਕਦਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਪਾਕਿਸਤਾਨ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਤਰ ਦੇ ਜਵਾਬ 'ਚ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਿਆਂ ਇਕ ਪੱਤਰ ਲਿਖਿਆ ਅਤੇ ਕਿਹਾ ਕਿ ਪਾਕਿਸਤਾਨ ਦੇ ਲੋਕ ਵੀ ਭਾਰਤ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਸ਼ਾਂਤੀ ਅਤੇ ਸਹਿਕਾਰਤਾ ਸਬੰਧ ਚਾਹੁੰਦੇ ਹਨ।
ਇਮਰਾਨ ਖਾਨ ਨੇ ਲਿਖਿਆ- ਸਾਡਾ ਮੰਨਣਾ ਹੈ ਕਿ ਦੱਖਣੀ ਏਸ਼ੀਆ ਵਿੱਚ ਲੰਮੇ ਸਮੇਂ ਦੀ ਸ਼ਾਂਤੀ ਅਤੇ ਸਥਿਰਤਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਾਰੇ ਮਸਲਿਆਂ ਦੇ ਹੱਲ ਲਈ ਵਿਸ਼ੇਸ਼ ਤੌਰ ‘ਤੇ ਜੰਮੂ-ਕਸ਼ਮੀਰ ਵਿਵਾਦ 'ਤੇ ਨਿਰਭਰ ਕਰਦੀ ਹੈ। ਸਕਾਰਾਤਮਕ ਅਤੇ ਲਾਭਕਾਰੀ ਆਪਸੀ ਤਾਲਮੇਲ ਲਈ ਇਕਸੁਰਤਾ ਦਾ ਮਾਹੌਲ ਪੈਦਾ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਇਸ ਵਿੱਚ ਅੱਗੇ ਕਿਹਾ ਕਿ ਉਹ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਭਾਰਤੀ ਜਨਤਾ ਲਈ ਕਾਮਨਾ ਕਰਨਾ ਚਾਹੁੰਦੇ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਦੇ ਮੌਕੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਧਾਈ ਦਿੰਦਿਆਂ ਪੱਤਰ ਭੇਜਿਆ ਸੀ। ਇਮਰਾਨ ਖਾਨ ਨੂੰ ਭੇਜੇ ਗਏ ਵਧਾਈ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਲੋਕਾਂ ਨਾਲ ਦੋਸਤਾਨਾ ਸਬੰਧ ਚਾਹੁੰਦਾ ਹੈ ਅਤੇ ਇਸ ਦੇ ਲਈ ਅੱਤਵਾਦ ਮੁਕਤ ਵਾਤਾਵਰਣ ਬਹੁਤ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪੱਤਰ ਵਿੱਚ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਦਾ ਵੀ ਜ਼ਿਕਰ ਕੀਤਾ ਅਤੇ ਇਮਰਾਨ ਖ਼ਾਨ ਅਤੇ ਪਾਕਿਸਤਾਨ ਦੇ ਲੋਕਾਂ ਦੀ ਕਾਮਨਾ ਕੀਤੀ।