ਨਵੀਂ ਦਿੱਲੀ: ਪੂਰੀ ਦੁਨੀਆ ਇਸ ਵੇਲੇ ਜਿੱਥੇ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ, ਉੱਥੇ ਭਾਰਤ ਦੇ ਦੋ ਰਾਜਾਂ ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ ਇੱਕ ਹੋਰ ਖ਼ਤਰਨਾਕ ਰੋਗ ਬਰਡ ਫ਼ਲੂ ਦਾ ਖ਼ੌਫ਼ ਪੈਦਾ ਹੋ ਗਿਆ ਹੈ। ਇਨ੍ਹਾਂ ਦੋ ਸੂਬਿਆਂ ’ਚ ਕਾਂ ਮਰਨ ਲੱਗ ਪਏ ਹਨ ਤੇ ਉਨ੍ਹਾਂ ਦੀ ਮੌਤ ਦਾ ਕਾਰਨ ਬਰਡ ਫ਼ਲੂ ਦੱਸਿਆ ਜਾ ਰਿਹਾ ਹੈ।
ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਇਸ ਖ਼ਤਰੇ ਲਈ ‘ਅਲਰਟ’ ਕਰ ਦਿੱਤਾ ਹੈ। ਜਿਹੜੀਆਂ ਵੀ ਥਾਂਵਾਂ ਉੱਤੇ ਕਾਂ ਮਰੇ ਹਨ, ਉੱਥੇ ਲਾਗਲੇ ਇਲਾਕਿਆਂ ਦੇ ਆਮ ਲੋਕਾਂ ਉੱਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ; ਤਾਂ ਜੋ ਇਹ ਛੂਤ ਇਨਸਾਨਾਂ ’ਚ ਫੈਲਣ ਤੋਂ ਰੋਕਿਆ ਜਾ ਸਕੇ। ਦੱਸ ਦੇਈਏ ਕਿ ਬਰਡ ਫ਼ਲੂ ਪਹਿਲਾਂ ਵੀ ਭਾਰਤ ’ਚ ਖ਼ੌਫ਼ ਪੈਦਾ ਕਰ ਚੁੱਕਾ ਹੈ।
ਰਾਜਸਥਾਨ ਦੇ ਪ੍ਰਿੰਸੀਪਲ ਸਕੱਤਰ ਕੁੰਜੀ ਲਾਲ ਮੀਣਾ ਨੇ ਦੱਸਿਆ ਕਿ ਹੁਣ ਤੱਕ ਕੋਟਾ ’ਚ 47, ਝਾਲਾਵਾੜ ’ਚ 100 ਤੇ ਬਾਰਾਂ ’ਚ 72 ਕਾਂਵਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਬੂੰਦੀ ਸ਼ਹਿਰ ਤੋਂ ਵੀ ਕਈ ਕਾਂ ਮਰਨ ਦੀ ਖ਼ਬਰ ਆ ਰਹੀ ਹੈ।
ਮੱਧ ਪ੍ਰਦੇਸ਼ ’ਚ ਮ੍ਰਿਤਕ ਪੰਛੀਆਂ ਦੇ ਸੈਂਪਲ ਭੋਪਾਲ ਦੀ ਇੱਕ ਲੈਬ ’ਚ ਭੇਜੇ ਗਏ ਹਨ। ਇੰਦੌਰ ’ਚ ਮਿਲੇ ਕਾਂਵਾਂ ’ਚ ਐਚ5ਐਨ8 ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਵਾਇਰਸ ਬਹੁਤ ਘਾਤਕ ਹੁੰਦੇ ਹਨ ਤੇ ਤੇਜ਼ੀ ਨਾਲ ਫੈਲਦੇ ਹਨ। ਉੱਧਰ ਹਿਮਾਚਲ ਪ੍ਰਦੇਸ਼ ਦੇ ਪੌਂਗ ਬੰਨ੍ਹ ’ਚ ਇੱਕ ਹਜ਼ਾਰ ਤੋਂ ਵੀ ਜ਼ਿਆਦਾ ਪ੍ਰਵਾਸੀ ਪੰਛੀਆਂ ਦੇ ਮਰਨ ਦੀ ਖ਼ਬਰ ਆਈ ਹੈ। ਪਹਾੜੀ ਸੂਬਿਆਂ ਲਈ ਇਹ ਖ਼ਤਰੇ ਦੀ ਘੰਟੀ ਹੈ। ਪ੍ਰਵਾਸੀ ਪੰਛੀਆਂ ਦੀ ਮੌਤ ਪਿੱਛੇ ਵੀ ਬਰਡ ਫ਼ਲੂ ਦੱਸਿਆ ਜਾ ਰਿਹਾ ਹੈ।
ਇਸ ਵਿੱਚ ਜ਼ੁਕਾਮ, ਸਰਦੀ, ਬੁਖ਼ਾਰ, ਨੱਕ ਵਹਿਣਾ, ਅੱਖਾਂ ’ਚੋਂ ਪਾਣੀ ਵਹਿਣਾ, ਸਰੀਰ ਦਰਦ ਤੇ ਨਿਮੋਨੀਆ ਦੀ ਸ਼ਿਕਾਇਤ ਹੋ ਜਾਂਦੀ ਹੈ।