ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰੇ ਤੇ ਧਰਨੇ ਦੇ ਪ੍ਰਮੁੱਖ ਸਥਾਨ 'ਤੇ ਦਿੱਲੀ ਦੀ ਹੱਦ ਉੱਤੇ ਸਥਿਤ ਸਿੰਘੂ ਬਾਰਡਰ ਐਤਵਾਰ ਨੂੰ ਮਹਿਲਾ ਕਬੱਡੀ ਮੁਕਾਬਲੇ ਦੇ ਇੱਕ ਮੈਦਾਨ ’ਚ ਤਬਦੀਲ ਹੋ ਗਿਆ। ਦੱਸ ਦੇਈਏ ਕਿ ਇੱਥੇ ਸਖ਼ਤ ਠੰਢ ਦੌਰਾਨ ਪਿਆ ਮੀਂਹ ਵੀ ਇਹ ਜਜ਼ਬਾ ਘੱਟ ਨਾ ਕਰ ਸਕਿਆ। ਕੁੱਲ 12 ਮਹਿਲਾ ਟੀਮਾਂ ਨੇ ਇਸ ਮੁਕਾਬਲੇ ’ਚ ਹਿੱਸਾ ਲਿਆ, ਜੋ ਸਵੇਰੇ 11 ਵਜੇ ਸ਼ੁਰੂ ਹੋਇਆ।


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੰਯੁਕਤ ਸਕੱਤਰ ਸੁਖਵਿੰਦਰ ਸਿੰਘ (55) ਨੇ ਕਿਹਾ ਕਿ ਔਰਤਾਂ ਇਸ ਕਬੱਡੀ ਮੁਕਾਬਲੇ ’ਚ ਹਿੱਸਾ ਲੈਣ ਲਈ ਖ਼ੁਦ ਅੱਗੇ ਆਈਆਂ। ਤਰਨ ਤਾਰਨ ਜ਼ਿਲ੍ਹੇ ਦੇ ਜੰਮਪਲ ਸੁਖਵਿੰਦਰ ਸਿੰਘ ਨੇ ਕਿਹਾ ਕਿ ਵੱਖੋ-ਵੱਖਰੇ ਰਾਜਾਂ ਤੋਂ ਟੀਮਾਂ ਆਈਆਂ ਤੇ ਕਿਹਾ ਕਿ ਉਹ ਕਬੱਡੀ ਮੁਕਾਬਲਾ ਕਰਨਾ ਚਾਹੁੰਦੀਆਂ ਹਨ। ਅਸੀਂ ਸਿੰਘੂ ਬਾਰਡਰ ਉੱਤੇ ਲੋਕਾਂ ਨੂੰ ਸਰਗਰਮ ਰੱਖਣ ਲਈ ਹਰੇਕ ਦਿਨ ਲਈ ਵੱਖੋ-ਵੱਖਰੀਆਂ ਗਤੀਵਿਧੀਆਂ ਦੀ ਯੋਜਨਾ ਉਲੀਕੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਅੱਵਲ ਆਉਣ ਵਾਲੀ ਟੀਮ ਨੂੰ 2,100 ਰੁਪਏ ਤੇ ਦੂਜੇ ਨੰਬਰ ਦੀ ਟੀਮ ਨੂੰ 1,100 ਰੁਪਏ ਮਿਲਣਗੇ। ਪੁਰਸਕਾਰ ਦਾ ਐਲਾਨ ਉਨ੍ਹਾਂ ਲੋਕਾਂ ਵੱਲੋਂ ਕੀਤਾ ਜਾਵੇਗਾ, ਜਿਨ੍ਹਾਂ ਨੇ ਇਹ ਰਕਮ ਚੰਦੇ ’ਚ ਦਿੱਤੀ ਹੈ।


ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਨਿਵਾਸੀ ਤੇ ਇਸ ਮੁਕਾਬਲੇ ਦੇ ਮੁੱਖ ਕੋਚ ਜਗਬੀਰ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਖਿਡਾਰਨਾਂ ਕਾਲਜ ਦੀਆਂ ਵਿਦਿਆਰਥਣਾਂ ਹਨ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ ਦੀਆਂ ਟੀਮਾਂ ਨੇ ਇਸ ਮੁਕਾਬਲੇ ’ਚ ਹਿੱਸਾ ਲਿਆ। ਅਸੀਂ ਸਾਰੇ ਲੋਕ ਇੱਥੇ ਕਿਸਾਨਾਂ ਦੀ ਹਮਾਇਤ ਕਰਨ ਆਏ ਹਾਂ। ਅੱਜ ਮੁਕਾਬਲਾ ਖ਼ਤਮ ਹੋ ਜਾਵੇਗਾ। ਕੁਝ ਖਿਡਾਰਨਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਵੀ ਹਨ।

ਦੱਸ ਦੇਈਏ ਕਿ ਦਿੱਲੀ ਦੀਆਂ ਸੀਮਾਵਾਂ ਉੱਤੇ ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਦੇ ਹੱਕ ਵਿੱਚ ਡਟੇ ਹੋਏ ਹਨ।