ਚੰਡੀਗੜ੍ਹ: ਬੀਜੇਪੀ ਵਰਕਰਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕਰ ਰਹੀ ਔਰਤ ਨਾਲ ਬਦਸਲੂਕੀ ਕਰਨ ਤੇ ਉਸ ਦੇ ਵਾਲ ਖਿੱਚਣ ਖਿਲਾਫ ਕਿਸਾਨਾਂ ਨੇ ਸਖਤ ਐਕਸ਼ਨ ਲਿਆ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ 25 ਅਗਸਤ ਨੂੰ ਮੁੱਲਾਂਪੁਰ-ਚੰਡੀਗੜ੍ਹ ਤੇ ਜ਼ੀਰਕਪੁਰ-ਚੰਡੀਗੜ੍ਹ ਸੜਕ ’ਤੇ ਧਰਨਾ ਦਿੱਤਾ ਜਾਵੇਗਾ।

ਦੱਸ ਦਈਏ ਕਿ ਪਿਛਲੇ ਦਿਨੀਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਚੰਡੀਗੜ੍ਹ ਤੋਂ ਸ਼ੁਰੂ ਕੀਤੀ ਗਈ ‘ਜਨ ਆਸ਼ੀਰਵਾਦ ਯਾਤਰਾ’ ਦਾ ਵਿਰੋਧ ਕਰ ਰਹੀ ਮਹਿਲਾ ਕਿਸਾਨ ਪ੍ਰਦਰਸ਼ਨਕਾਰੀ ਨਾਲ ਬੀਜੇਪੀ ਆਗੂਆਂ ਵੱਲੋਂ ਬਦਸਲੂਕੀ ਕੀਤੀ ਗਈ ਸੀ। ਇਹ ਮਾਮਲਾ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਇਸ ਦੇ ਰੋਸ ਵਿੱਚ ਟ੍ਰਾਈਸਿਟੀ ਦੀਆਂ ਕਿਸਾਨ ਹਮਾਇਤੀ ਜਥੇਬੰਦੀਆਂ ਨੇ ਸੋਮਵਾਰ ਨੂੰ ਸੈਕਟਰ-38 ਦੇ ਗੁਰਦੁਆਰੇ ਵਿੱਚ ਮੀਟਿੰਗ ਕੀਤੀ। ਕਿਸਾਨ ਜਥੇਬੰਦੀਆਂ ਨੇ ਮਹਿਲਾ ਕਿਸਾਨ ਪ੍ਰਦਰਸ਼ਨਕਾਰੀ ਨਾਲ ਬਦਸਲੂਕੀ ਦੇ ਮਾਮਲੇ ਦੀ ਪੈਰਵੀ ਕਰਨ ਲਈ 15 ਮੈਂਬਰੀ ਕਮੇਟੀ ਬਣਾਈ ਹੈ, ਜਿਸ ਵੱਲੋਂ ਅੱਜ ਐਸਐਸਪੀ ਚੰਡੀਗੜ੍ਹ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ।

ਕਿਸਾਨ ਲੀਡਰ ਕ੍ਰਿਪਾਲ ਸਿੰਘ ਸੈਣੀ ਨੇ ਦੱਸਿਆ ਕਿ 15 ਮੈਂਬਰੀ ਕਮੇਟੀ ਦੇ ਮੈਂਬਰ ਐਸਐਸਪੀ ਨਾਲ ਮੁਲਾਕਾਤ ਕਰਕੇ ਭਾਜਪਾ ਲੀਡਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜੇ ਪੁਲਿਸ ਨੇ ਫੇਰ ਵੀ ਕੋਈ ਕਾਰਵਾਈ ਨਾ ਕੀਤੀ ਤਾਂ 25 ਅਗਸਤ ਨੂੰ ਮੁੱਲਾਂਪੁਰ-ਚੰਡੀਗੜ੍ਹ ਤੇ ਜ਼ੀਰਕਪੁਰ-ਚੰਡੀਗੜ੍ਹ ਸੜਕ ’ਤੇ ਧਰਨਾ ਦਿੱਤਾ ਜਾਵੇਗਾ।

ਕਿਸਾਨ ਲੀਡਰ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਹਰ ਕਿਸੇ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਦਾ ਹੱਕ ਹੈ। ਉਸੇ ਅਧਿਕਾਰੀ ਤਹਿਤ ਮਹਿਲਾ ਕਿਸਾਨ ਪ੍ਰਦਰਸ਼ਨਕਾਰੀ ਕੇਂਦਰੀ ਮੰਤਰੀ ਨੂੰ ਸ਼ਾਂਤਮਈ ਢੰਗ ਨਾਲ ਕਾਲੇ ਝੰਡੇ ਦਿਖਾ ਰਹੀ ਸੀ। ਉਸ ਦੌਰਾਨ ਭਾਜਪਾ ਆਗੂ ਨੇ ਮਹਿਲਾ ਕਿਸਾਨ ਪ੍ਰਦਰਸ਼ਨਕਾਰੀ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਬਦਸਲੂਕੀ ਕੀਤੀ, ਜੋ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।