ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਕਰਕੇ ਭਾਰਤੀ ਅਜੇ ਵਿਦੇਸ਼ ਉਡਾਰੀ ਨਹੀਂ ਮਾਰ ਸਕਣਗੇ। ਕਈ ਮੁਲਕਾਂ ਨੇ ਭਾਰਤੀਆਂ ਦੀ ਆਮਦ ਉੱਪਰ ਪਾਬੰਦੀ ਲਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਦੁਨੀਆ ਵਿੱਚ ਵਧ ਰਹੇ ਕੋਰੋਨਾ ਵਾਇਰਸ ਕਾਰਨ ਭਾਰਤੀ ਏਅਰਲਾਈਨਸ ਦੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਪ੍ਰਵਾਨਗੀ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ।
ਇਸ ਲਈ ਭਾਰਤ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦੁਨੀਆ ਵਿੱਚ ਕੋਰੋਨਾ ਦੀ ਤੇਜ਼ ਰਫਤਾਰ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਭਾਰਤੀ ਉਡਾਣਾਂ 'ਤੇ ਬਰੇਕ ਲਾ ਦਿੱਤੀ ਹੈ। ਸੰਯੁਕਤ ਅਰਬ ਅਮੀਰਾਤ, ਕੈਨੇਡਾ, ਯੂਕੇ, ਨਿਊਜ਼ੀਲੈਂਡ, ਅਮਰੀਕਾ, ਫਰਾਂਸ, ਆਸਟਰੇਲੀਆ, ਸਿੰਗਾਪੁਰ, ਹਾਂਗ ਕਾਂਗ ਤੇ ਓਮਾਨ ਨੇ ਭਾਰਤ ਲਈ ਉਡਾਣਾਂ 'ਤੇ ਪਾਬੰਦੀ ਲਾਈ ਹੈ।
ਹਾਲਾਂਕਿ, ਇਹ ਪਾਬੰਦੀ ਕਿੰਨਾ ਚਿਰ ਰਹੇਗੀ ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ। ਏਅਰ ਇੰਡੀਆ ਤੇ ਇੰਡੀਗੋ ਵਰਗੀਆਂ ਪ੍ਰਮੁੱਖ ਭਾਰਤੀ ਹਵਾਈ ਕੰਪਨੀਆਂ ਦੀਆਂ ਵਿਦੇਸ਼ੀ ਉਡਾਣਾਂ ਰੱਦ ਹੋਣ ਕਾਰਨ ਕਾਰੋਬਾਰ 'ਤੇ ਵੱਡਾ ਅਸਰ ਪੈ ਰਿਹਾ ਹੈ।
ਇਟਲੀ ਨੇ ਵੀ ਲਾਈ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ
ਇਟਲੀ ਨੇ ਵੀ ਭਾਰਤ 'ਚ ਕੋਰੋਨਾ ਦੇ ਵਧ ਰਹੇ ਕਹਿਰ ਕਾਰਨ ਭਾਰਤ ਦੀ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਇਟਲੀ ਦੇ ਸਿਹਤ ਮੰਤਰੀ, ਰੌਬਰਟੋ ਸਪੀਰੰਜਾ ਨੇ ਟਵੀਟ ਕੀਤਾ ਕਿ ਪਿਛਲੇ 14 ਦਿਨਾਂ ਤੋਂ ਭਾਰਤ 'ਚ ਆਏ ਅਜਿਹੇ ਸਾਰੇ ਬਾਹਰੀ ਲੋਕਾਂ ਨੂੰ ਇਟਲੀ 'ਚ ਦਾਖਲ ਹੋਣ 'ਤੇ ਪਾਬੰਦੀ ਲਾਈ ਗਈ ਹੈ। ਭਾਰਤ 'ਚ ਕੋਵਿਡ ਦੀ ਸਥਿਤੀ ਬਹੁਤ ਖਰਾਬ ਹੈ ਤੇ ਦੇਸ਼ ਕੋਰੋਨਾ ਦੇ ਡਬਲ ਮਿਉਟੈਂਟ ਵਿਰੁੱਧ ਲਗਾਤਾਰ ਲੜ ਰਿਹਾ ਹੈ।
ਦੇਸ਼ 'ਚ ਨਵੇਂ ਸੰਕਰਮਿਤ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਨਵੇਂ ਰਿਕਾਰਡ ਦਰਜ ਕਰ ਰਹੀ ਹੈ। ਇਟਲੀ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਆਉਣ ਦੀ ਆਗਿਆ ਦੇ ਦਿੱਤੀ ਹੈ, ਪਰ ਉਨ੍ਹਾਂ ਦੀ ਭਾਰਤ ਤੋਂ ਰਵਾਨਗੀ ਦੇ ਸਮੇਂ ਉਨ੍ਹਾਂ ਕੋਲ ਇੱਕ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਦੇ ਪਹੁੰਚਣ 'ਤੇ ਵੀ ਕੋਵਿਡ ਦੀ ਜਾਂਚ ਕੀਤੀ ਜਾਏਗੀ ਤੇ ਉਨ੍ਹਾਂ ਨੂੰ 14 ਦਿਨਾਂ ਲਈ ਅਲੱਗ ਰਹਿਣਾ ਪਏਗਾ।
ਇਟਲੀ ਦੀ ਸਰਕਾਰ ਨੇ ਪਿਛਲੇ 14 ਦਿਨਾਂ 'ਚ ਭਾਰਤ ਤੋਂ ਇਟਲੀ ਆਏ ਸਾਰੇ ਲੋਕਾਂ ਨੂੰ ਸਾਵਧਾਨੀ ਵਜੋਂ ਆਪਣੀ ਜਾਂਚ ਕਰਵਾਉਣ ਲਈ ਕਿਹਾ ਹੈ। ਇਟਲੀ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਸਾਡੇ ਵਿਗਿਆਨੀ ਨਵੇਂ ਭਾਰਤੀ ਰੂਪਾਂ ਦੀ ਜਾਂਚ ਕਰ ਰਹੇ ਹਨ। ਕੋਰੋਨਾ ਨੂੰ ਲੈ ਕੇ ਭਾਰਤ 'ਚ ਪੈਦਾ ਹੋ ਰਹੀ ਸਥਿਤੀ ਦੇ ਮੱਦੇਨਜ਼ਰ ਸੁਚੇਤ ਹੋਣ ਦੀ ਬਹੁਤ ਵੱਡੀ ਜ਼ਰੂਰਤ ਹੈ।
ਇਸ ਤੋਂ ਪਹਿਲਾਂ ਬ੍ਰਿਟੇਨ, ਫਰਾਂਸ ਤੇ ਯੂਏਈ ਵਰਗੇ ਕਈ ਦੇਸ਼ਾਂ ਨੇ ਵੀ ਭਾਰਤ ਵਿੱਚ ਵੱਧ ਰਹੇ ਇਨਫੈਕਸ਼ਨ ਕਾਰਨ ਅਜਿਹੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਇਸ ਵੇਲੇ ਹਰ ਰੋਜ਼ 3 ਲੱਖ ਤੋਂ ਜ਼ਿਆਦਾ ਕੋਰੋਨਾ ਮਰੀਜ਼ ਭਾਰਤ ਆ ਰਹੇ ਹਨ। ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੀ 2000 ਤੋਂ ਵੱਧ ਪ੍ਰਤੀ ਦਿਨ ਹੈ। ਅਜਿਹੀ ਸਥਿਤੀ ਵਿੱਚ ਕੋਈ ਵੀ ਦੇਸ਼ ਨਹੀਂ ਚਾਹੁੰਦਾ ਕਿ ਭਾਰਤ ਤੋਂ ਇਨਫੈਕਸ਼ਨ ਉਨ੍ਹਾਂ ਦੇ ਦੇਸ਼ ਵਿੱਚ ਫੈਲ ਜਾਵੇ। ਇਸ ਦੇ ਮੱਦੇਨਜ਼ਰ ਇਨ੍ਹਾਂ ਪਾਬੰਦੀਆਂ ਵਰਗੇ ਕਦਮ ਚੁੱਕੇ ਜਾ ਰਹੇ ਹਨ।