Punjab Breaking News LIVE: ਪੰਜਾਬ 'ਚ ਬਿਜਲੀ ਸੰਕਟ ਗਹਿਰਾਇਆ, ਹੁਣ ਤੋਂ ਹੀ ਕੱਟ ਲੱਗਣੇ ਸ਼ੁਰੂ, ਮੰਗ 7500 ਮੈਗਾਵਾਟ ਤੇ ਸਪਲਾਈ ਸਿਰਫ 4400 ਮੈਗਾਵਾਟ

Punjab Breaking News, 14 April 2022 LIVE Updates: ਬਿਜਲੀ ਦੀ ਮੰਗ 7500 ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ, ਜਦੋਂਕਿ ਪਾਵਰਕੌਮ ਦੇ ਕੋਲ ਸਾਰੇ ਸਰੋਤਾਂ ਤੋਂ ਬਿਜਲੀ ਦੀ ਉਪਲਬਧਤਾ ਸਿਰਫ਼ 4400 ਮੈਗਾਵਾਟ ਦੇ ਕਰੀਬ ਹੀ ਹੈ।

ਏਬੀਪੀ ਸਾਂਝਾ Last Updated: 14 Apr 2022 04:14 PM
ਬਿਜਲੀ ਖਰੀਦ ਸਮਝੌਤੇ ਵੀ ਕੀਤੇ

ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੂਨ ਤੋਂ ਪਾਵਰਕੌਮ ਆਪਣੀ ਪਛਵਾੜਾ (ਝਾਰਖੰਡ) ਖਾਨ ਵਿੱਚੋਂ ਕੋਲੇ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਇਸ ਨਾਲ ਸਥਿਤੀ ਵਿੱਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਬਿਜਲੀ ਖਰੀਦ ਸਮਝੌਤੇ ਵੀ ਕੀਤੇ ਗਏ ਹਨ।

Electricity crisis in Punjab: ਬੁੱਧਵਾਰ ਨੂੰ ਬਿਜਲੀ ਦੀ ਮੰਗ 7500 ਮੈਗਾਵਾਟ ਤੋਂ ਪਾਰ ਹੋਈ

ਬਿਜਲੀ ਮਹਿਕਮੇ ਦੀ ਸੂਤਰਾਂ ਮੁਤਾਬਕ ਕਹਿਰ ਦੀ ਗਰਮੀ ਕਾਰਨ ਸੂਬੇ 'ਚ ਬੁੱਧਵਾਰ ਨੂੰ ਬਿਜਲੀ ਦੀ ਮੰਗ 7500 ਮੈਗਾਵਾਟ ਤੋਂ ਪਾਰ ਹੋਈ। ਇਸ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ ਆਪਣੇ ਥਰਮਲਾਂ ਰੋਪੜ ਤੇ ਲਹਿਰਾ ਮੁਹੱਬਤ ਤੋਂ 1400 ਮੈਗਾਵਾਟ, ਹਾਈਡਲ ਪ੍ਰਾਜੈਕਟਾਂ ਤੋਂ 420 ਮੈਗਾਵਾਟ, ਨਿੱਜੀ ਪਲਾਂਟਾਂ ਤੋਂ 2506 ਮੈਗਾਵਾਟ ਤੇ ਸੋਲਰ ਅਤੇ ਹੋਰ ਸਰੋਤਾਂ ਤੋਂ ਕੁੱਲ 4400 ਮੈਗਾਵਾਟ ਬਿਜਲੀ ਹਾਸਲ ਕੀਤੀ। ਅਜਿਹੀ ਸਥਿਤੀ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕਰੀਬ 2900 ਮੈਗਾਵਾਟ ਬਿਜਲੀ ਬਾਹਰੋਂ ਖਰੀਦੀ ਪਰ ਫਿਰ ਵੀ ਮੰਗ ਅਤੇ ਸਪਲਾਈ ਦੇ ਪਾੜੇ ਕਾਰਨ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਕਟੌਤੀਆਂ ਦਾ ਸਾਹਮਣਾ ਕਰਨਾ ਪਿਆ।

Coal Shortage: ਸਿੱਧੇ ਤੌਰ 'ਤੇ 540 ਮੈਗਾਵਾਟ ਦੀ ਬਿਜਲੀ ਸਪਲਾਈ ਘਟੀ

 ਇਸ ਸਮੇਂ ਤਲਵੰਡੀ ਸਾਬੋ 'ਚ ਡੇਢ ਦਿਨ, ਰੋਪੜ 'ਚ 9, ਲਹਿਰਾ ਮੁਹੱਬਤ 'ਚ 7, ਰਾਜਪੁਰਾ 'ਚ 15 ਦਿਨਾਂ ਦਾ ਕੋਲਾ ਮੌਜੂਦ ਹੈ, ਜਦੋਂਕਿ ਇਸ ਪਲਾਂਟ ਦੇ ਦੋ ਯੂਨਿਟ ਕੋਲਾ ਖ਼ਤਮ ਹੋਣ ਕਾਰਨ ਮੰਗਲਵਾਰ ਨੂੰ ਬੰਦ ਹੋ ਗਏ ਹਨ, ਜੋ ਬੁੱਧਵਾਰ ਨੂੰ ਵੀ ਬੰਦ ਰਹੇ। ਇਸ ਨਾਲ ਸਿੱਧੇ ਤੌਰ 'ਤੇ 540 ਮੈਗਾਵਾਟ ਦੀ ਬਿਜਲੀ ਸਪਲਾਈ ਘਟ ਗਈ। ਬੁੱਧਵਾਰ ਨੂੰ ਵੀ ਤਲਵੰਡੀ ਸਾਬੋ ਵਿੱਚ 660 ਮੈਗਾਵਾਟ ਦਾ ਇੱਕ ਯੂਨਿਟ ਤੇ ਰੋਪੜ ਵਿੱਚ 210 ਮੈਗਾਵਾਟ ਦਾ ਇੱਕ ਯੂਨਿਟ ਬੰਦ ਰਿਹਾ। ਇਸ ਤਰ੍ਹਾਂ ਕੁੱਲ 1410 ਮੈਗਾਵਾਟ ਬਿਜਲੀ ਦੀ ਸਪਲਾਈ ਨਹੀਂ ਹੋ ਸਕੀ।

Electricity crisis: ਪੇਂਡੂ ਖੇਤਰਾਂ ਵਿੱਚ ਚਾਰ ਤੋਂ ਪੰਜ ਘੰਟੇ ਦੇ ਕੱਟ

ਬੇਸ਼ੱਕ ਪਾਵਰਕੌਮ ਨੇ ਇਸ ਪਾੜੇ ਨੂੰ ਪੂਰਾ ਕਰਨ ਲਈ ਬਾਹਰੋਂ ਬਿਜਲੀ ਮੰਗਵਾਈ, ਪਰ ਲੋੜੀਂਦੀ ਸਪਲਾਈ ਨਾ ਹੋਣ ਕਾਰਨ ਬੁੱਧਵਾਰ ਨੂੰ ਪੇਂਡੂ ਖੇਤਰਾਂ ਵਿੱਚ ਚਾਰ ਤੋਂ ਪੰਜ ਘੰਟੇ ਤੇ ਕੰਢੀ ਖੇਤਰਾਂ ਵਿੱਚ ਛੇ ਘੰਟੇ ਬਿਜਲੀ ਦਾ ਕੱਟ ਲਾਉਣਾ ਪਿਆ। ਉਂਝ ਬਿਜਲੀ ਮਹਿਕਮਾ ਕੱਟ ਲਾਉਣ ਦੇ ਐਲਾਨ ਤੋਂ ਇਨਕਾਰ ਕਰ ਰਿਹਾ ਹੈ।

Punjab Coal Shortage: ਪੰਜਾਬ ਵੱਡੇ ਬਿਜਲੀ ਸੰਕਟ 'ਚ ਘਿਰਿਆ

ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਸੰਕਟ ਜਾਰੀ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਪੂਰੀ ਤਰ੍ਹਾਂ ਬੰਦ ਹੋਣ ਤੇ ਤਲਵੰਡੀ ਸਾਬੋ ਤੇ ਰੋਪੜ ਵਿਖੇ ਇੱਕ-ਇੱਕ ਯੂਨਿਟ ਮੁਕੰਮਲ ਤੌਰ 'ਤੇ ਬੰਦ ਹੋਣ ਕਾਰਨ ਸੂਬੇ 'ਚ ਬਿਜਲੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਬੁੱਧਵਾਰ ਨੂੰ ਪੈ ਰਹੀ ਕੜਾਕੇ ਦੀ ਗਰਮੀ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ 7500 ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ, ਜਦੋਂਕਿ ਪਾਵਰਕੌਮ ਦੇ ਕੋਲ ਸਾਰੇ ਸਰੋਤਾਂ ਤੋਂ ਬਿਜਲੀ ਦੀ ਉਪਲਬਧਤਾ ਸਿਰਫ਼ 4400 ਮੈਗਾਵਾਟ ਦੇ ਕਰੀਬ ਹੀ ਹੈ।

Wheat procurement: ਐਤਕੀਂ 132 ਲੱਖ ਮੀਟਰਿਕ ਟਨ ਖ਼ਰੀਦ ਦਾ ਟੀਚਾ ਮਿੱਥਿਆ

ਪੰਜਾਬ ਸਰਕਾਰ ਵੱਲੋਂ ਐਤਕੀਂ 132 ਲੱਖ ਮੀਟਰਿਕ ਟਨ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ, ਪਰ ਝਾੜ ਪ੍ਰਭਾਵਿਤ ਹੋਣ ਕਰਕੇ ਇਹ ਟੀਚਾ 100 ਮੀਟਰਿਕ ਟਨ ਤੱਕ ਸੀਮਤ ਰਹਿ ਸਕਦਾ ਹੈ। ਝਾੜ ਘਟਣ ਕਰਕੇ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਕਰੀਬ ਛੇ ਹਜ਼ਾਰ ਕਰੋੜ ਦੀ ਵਿੱਤੀ ਮਾਰ ਪਏਗੀ। ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਘਟੇ ਝਾੜ ਕਾਰਨ ਟੈਕਸਾਂ ਦੇ ਰੂਪ ਵਿੱਚ ਕਰੀਬ 360 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ। ਮਿੱਥੇ ਟੀਚੇ ਅਨੁਸਾਰ 132 ਲੱਖ ਮੀਟਰਿਕ ਟਨ ਫ਼ਸਲ ਮੰਡੀਆਂ ਵਿਚ ਪੁੱਜਦੀ ਤਾਂ ਇਸ ਸੀਜ਼ਨ ਵਿਚ ਕਣਕ ਦਾ ਕੁੱਲ 26,598 ਕਰੋੜ ਦਾ ਕਾਰੋਬਾਰ ਹੋਣਾ ਸੀ।

Relief for farmers: ਕੇਂਦਰ ਸਰਕਾਰ ਨੇ ਰਾਹਤ ਬਾਰੇ ਫ਼ੈਸਲਾ ਲੈਣਾ ਹੈ

ਪੰਜਾਬ ਦੇ ਕਿਸਾਨਾਂ ਦੀ ਟੇਕ ਹੁਣ ਕੇਂਦਰੀ ਟੀਮਾਂ ’ਤੇ ਹੈ ਜਿਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਹੀ ਕੇਂਦਰ ਸਰਕਾਰ ਨੇ ਰਾਹਤ ਬਾਰੇ ਫ਼ੈਸਲਾ ਲੈਣਾ ਹੈ। ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਕੇਂਦਰੀ ਟੀਮਾਂ ਪੰਜਾਬ ਪੁੱਜ ਗਈਆਂ ਹਨ ਤੇ ਅੱਜ 17 ਜ਼ਿਲ੍ਹਿਆਂ ਵਿਚ ਟੀਮਾਂ ਮੰਡੀਆਂ ਦਾ ਦੌਰਾ ਕਰਨਗੀਆਂ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਵੱਲੋਂ ਪੰਜਾਬ ਨੂੰ ਦਾਣਾ ਸੁੰਗੜਨ ਕਰਕੇ ਜ਼ਰੂਰ ਰਾਹਤ ਦਿੱਤੀ ਜਾਵੇਗੀ।

Wheat procurement in Punjab: ਮਾਰਚ ਮਹੀਨੇ ਪਈ ਗਰਮੀ ਨੇ ਕਣਕ ਦੀ ਫ਼ਸਲ ਨੂੰ ਢਾਹ ਲਾਈ

ਐਤਕੀਂ ਮਾਰਚ ਮਹੀਨੇ ਪਈ ਗਰਮੀ ਨੇ ਕਣਕ ਦੀ ਫ਼ਸਲ ਨੂੰ ਢਾਹ ਲਾਈ ਹੈ। ਵਧੇ ਤਾਪਮਾਨ ਕਰਕੇ ਕਣਕ ਦੇ ਦਾਣੇ ਪਿਚਕ ਗਏ ਹਨ ਤੇ ਫ਼ਸਲ ਦੀ ਗੁਣਵੱਤਾ ’ਤੇ ਮਾੜਾ ਅਸਰ ਪਿਆ ਹੈ ਜਿਸ ਕਰ ਕੇ ਕਣਕ ਦਾ ਝਾੜ ਵੀ 15 ਤੋਂ 25 ਫ਼ੀਸਦੀ ਤੱਕ ਘਟ ਗਿਆ ਹੈ। ਭਾਰਤੀ ਖੁਰਾਕ ਨਿਗਮ (ਐਫਸੀਆਈ) ਨੇ ਜਦੋਂ ‘ਸਿੱਧੀ ਡਲਿਵਰੀ’ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ’ਚ ਤੌਖਲੇ ਖੜ੍ਹੇ ਹੋ ਗਏ ਸਨ ਕਿਉਂਕਿ ਮੁੱਢਲੀ ਪੜਤਾਲ ਵਿਚ ਕਣਕ ਦੇ ਦਾਣੇ 8 ਤੋਂ 20 ਫ਼ੀਸਦੀ ਤੱਕ ਸੁੰਗੜੇ ਹੋਏ ਪਾਏ ਗਏ ਜਦੋਂ ਕਿ ਕੇਂਦਰੀ ਮਾਪਦੰਡਾਂ ਅਨੁਸਾਰ ਇਹ ਦਰ 6 ਛੇ ਫ਼ੀਸਦੀ ਤੱਕ ਦੀ ਹੈ।

Wheat procurement: ਪੰਜ ਟੀਮਾਂ ਕਣਕ ਦੀ ਗੁਣਵੱਤਾ ਘੋਖਣ ਲਈ ਪੰਜਾਬ ਪੁੱਜੀਆਂ

ਕੇਂਦਰੀ ਖੁਰਾਕ ਮੰਤਰਾਲੇ ਦੀਆਂ ਪੰਜ ਟੀਮਾਂ ਕਣਕ ਦੀ ਗੁਣਵੱਤਾ ਘੋਖਣ ਲਈ ਬੁੱਧਵਾਰ ਨੂੰ ਪੰਜਾਬ ਪੁੱਜ ਗਈਆਂ ਹਨ। ਇਨ੍ਹਾਂ ਟੀਮਾਂ ਨੇ ਕਣਕ ਦੇ ਨਮੂਨੇ ਲੈਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਇਨ੍ਹਾਂ ਕੇਂਦਰੀ ਟੀਮਾਂ ਵੱਲੋਂ ਸਮੁੱਚੇ ਪੰਜਾਬ ਵਿੱਚ ਮੰਡੀਆਂ ਦਾ ਦੌਰਾ ਕਰਕੇ ਫ਼ਸਲ ਦਾ ਜਾਇਜ਼ਾ ਲਿਆ ਜਾਵੇਗਾ। ਚਾਰ ਟੀਮਾਂ ਕੱਲ੍ਹ ਦੇਰ ਸ਼ਾਮ ਪੰਜਾਬ ਪੁੱਜੀਆਂ ਜਿਸ ਕਰਕੇ ਨਮੂਨੇ ਲੈਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਪੰਜ ਕੇਂਦਰੀ ਟੀਮਾਂ ਵੱਲੋਂ ਵੱਖੋ-ਵੱਖਰੇ ਤੌਰ ’ਤੇ ਫ਼ਰੀਦਕੋਟ, ਫ਼ਿਰੋਜ਼ਪੁਰ, ਜਲੰਧਰ, ਪਟਿਆਲਾ ਤੇ ਰੋਪੜ ਡਿਵੀਜ਼ਨਾਂ ’ਚ ਪੈਂਦੇ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ ਜਾਣਾ ਹੈ।

ED summons Charanjit Channi: ਈਡੀ ਦੀ ਟੀਮ ਨੇ 10 ਕਰੋੜ ਰੁਪਏ ਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਸੀ

ਨਾਜਾਇਜ਼ ਰੇਤ ਮਾਈਨਿੰਗ ਮਾਮਲੇ ’ਚ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ਤੋਂ ਈਡੀ ਦੀ ਟੀਮ ਨੇ 10 ਕਰੋੜ ਰੁਪਏ ਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਸੀ। ਇਸ ਮਾਮਲੇ ’ਚ 30 ਮਾਰਚ ਨੂੰ ਈਡੀ ਦੀ ਟੀਮ ਨੇ ਹਨੀ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਕੀਤਾ ਸੀ। ਇਸ ਤੋਂ ਬਾਅਦ 6 ਅਪ੍ਰੈਲ ਨੂੰ ਜਲੰਧਰ ਸਥਿਤ ਈਡੀ ਦੀ ਵਿਸ਼ੇਸ਼ ਅਦਾਲਤ ’ਚ ਮਾਮਲੇ ਦੀ ਸੁਣਵਾਈ ਤੋਂ ਬਾਅਦ ਹਨੀ ਨੂੰ ਜੇਲ੍ਹ ’ਚ ਭੇਜ ਦਿੱਤਾ ਗਿਆ ਸੀ। 

ED issues summons to Charanjit Singh Channi: ਈਡੀ ਨੇ ਚੰਨੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਜਾਇਜ਼ ਰੇਤ ਮਾਈਨਿੰਗ ਮਾਮਲੇ ’ਚ ਘਿਰ ਗਏ ਹਨ। ਮਾਈਨਿੰਗ ਮਾਮਲੇ ’ਚ ਨਾਂ ਆਉਣ ਮਗਰੋਂ ਈਡੀ ਨੇ ਚਰਨਜੀਤ ਚੰਨੀ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਈਡੀ ਨੇ ਚੰਨੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰ ਦਿੱਤਾ ਹੈ। 

ਪਿਛੋਕੜ

Punjab Breaking News, 14 April 2022 LIVE Updates: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਜਾਇਜ਼ ਰੇਤ ਮਾਈਨਿੰਗ ਮਾਮਲੇ ’ਚ ਘਿਰ ਗਏ ਹਨ। ਮਾਈਨਿੰਗ ਮਾਮਲੇ ’ਚ ਨਾਂ ਆਉਣ ਮਗਰੋਂ ਈਡੀ ਨੇ ਚਰਨਜੀਤ ਚੰਨੀ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਈਡੀ ਨੇ ਚੰਨੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰ ਦਿੱਤਾ ਹੈ। ਦਰਅਸਲ 'ਚ ਨਾਜਾਇਜ਼ ਰੇਤ ਮਾਈਨਿੰਗ ਮਾਮਲੇ ’ਚ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ਤੋਂ ਈਡੀ ਦੀ ਟੀਮ ਨੇ 10 ਕਰੋੜ ਰੁਪਏ ਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਸੀ।

ਇਸ ਮਾਮਲੇ ’ਚ 30 ਮਾਰਚ ਨੂੰ ਈਡੀ ਦੀ ਟੀਮ ਨੇ ਹਨੀ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਕੀਤਾ ਸੀ। ਇਸ ਤੋਂ ਬਾਅਦ 6 ਅਪ੍ਰੈਲ ਨੂੰ ਜਲੰਧਰ ਸਥਿਤ ਈਡੀ ਦੀ ਵਿਸ਼ੇਸ਼ ਅਦਾਲਤ ’ਚ ਮਾਮਲੇ ਦੀ ਸੁਣਵਾਈ ਤੋਂ ਬਾਅਦ ਹਨੀ ਨੂੰ ਜੇਲ੍ਹ ’ਚ ਭੇਜ ਦਿੱਤਾ ਗਿਆ ਸੀ। ਹਨੀ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਮਾਸੜ ਚਰਨਜੀਤ ਸਿੰਘ ਚੰਨੀ ਦੇ ਇਸ਼ਾਰੇ ’ਤੇ ਨਾਜਾਇਜ਼ ਮਾਈਨਿੰਗ ਕਰਵਾ ਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਬਦਲੇ ’ਚ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ। ਈਡੀ ਦੀ ਟੀਮ ਨੇ ਹਨੀ ਦੇ ਲੁਧਿਆਣਾ ਸਮੇਤ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ 10 ਕਰੋੜ ਬਰਾਮਦ ਕੀਤੇ ਸਨ।

ਇਸ ਤੋਂ ਇਲਾਵਾ ਹਨੀ ਦੇ ਕੋਲੋਂ ਲੱਖਾਂ ਰੁਪਏ ਦੀ ਕੀਮਤੀ ਘੜੀਆਂ ਤੇ ਹੋਰ ਸਮੱਗਰੀ ਬਰਾਮਦ ਕੀਤੀ ਸੀ। ਇਸ ਦੀ ਪੜਤਾਲ ਲਈ ਈਡੀ ਨੇ ਹਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਹਨੀ ਦੇ ਟਿਕਾਣੇ ਤੋਂ ਮਿਲੇ ਦਸਤਾਵੇਜਾਂ ਦੀ ਪੜਤਾਲ ਵੀ ਕੀਤੀ ਗਈ ਕਿ ਹਨੀ ਕੋਲ ਆਖ਼ਰ 10 ਕਰੋੜ ਰੁਪਏ ਕਿੱਥੋਂ ਆਏ। ਕਿਤੇ ਇਹ ਰਕਮ ਉਸ ਨੇ ਚੰਨੀ ਦੀ ਨਾਜਾਇਜ਼ ਕਮਾਈ ਦੇ ਹਿੱਸੇ ਦੇ ਰੂਪ ’ਚ ਤਾਂ ਨਹੀਂ ਰੱਖੀ ਸੀ।

ਦੱਸਣਯੋਗ ਹੈ ਕਿ ਈਡੀ ਨੇ ਪਹਿਲਾਂ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਹਨੀ ਨੇ ਮੰਨਿਆ ਹੈ ਕਿ ਰੇਤ ਦੀ ਗ਼ੈਰ-ਕਾਨੂੰਨੀ ਮਾਈਨਿੰਗ ਤੇ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ ਦੇ ਬਦਲੇ ਉਸ ਦੇ ਟਿਕਾਣਿਆਂ ਤੋਂ ਪ੍ਰਾਪਤ ਪੈਸਾ ਕਮਾਇਆ ਗਿਆ ਸੀ। ਉਦੋਂ ਤੋਂ ਚੰਨੀ ਈਡੀ ਦੇ ਨਿਸ਼ਾਨੇ ’ਤੇ ਸੀ ਕਿਉਂਕਿ ਈਡੀ ਨੂੰ ਸ਼ੱਕ ਹੈ ਕਿ ਹਨੀ ਚੰਨੀ ਦੀ ਸਹਿਮਤੀ ਤੋਂ ਬਿਨਾਂ ਇਹ ਕੰਮ ਨਹੀਂ ਕਰ ਸਕਦਾ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.