ਕਾਨਪੁਰ: ਇੱਕ ਪਾਸੇ ਜਿੱਥੇ ਕਿਸਾਨ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੇ ਨਾਲ-ਨਾਲ ਐਮਐਸਪੀ ਜਾਰੀ ਰੱਖਣ ਦੀ ਮੰਗ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਤੋਂ ਐਮਐਸਪੀ 'ਤੇ ਝੋਨਾ ਵੇਚਣ ਲਈ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਦਾ ਖੁਲਾਸਾ ਖ਼ੁਦ ਕਾਨਪੁਰ ਦੇ ਜ਼ਿਲ੍ਹਾ ਕੁਲੈਕਟਰ ਨੇ ਕੀਤਾ ਹੈ। ਦਰਅਸਲ, ਕਾਨਪੁਰ ਜ਼ਿਲ੍ਹੇ ਦੇ ਡੀਐਮ ਆਲੋਕ ਤਿਵਾੜੀ ਮੰਗਲਵਾਰ ਨੂੰ ਘਾਟਮਪੁਰ ਸਰਕਾਰੀ ਝੋਨਾ ਖਰੀਦ ਕੇਂਦਰ ਪਹੁੰਚੇ। ਇੱਥੇ ਉਨ੍ਹਾਂ ਝੋਨਾ ਖਰੀਦ ਕੇਂਦਰ ਦਾ ਅਚਨਚੇਤ ਨਿਰੀਖਣ ਕੀਤਾ।


ਨਿਰੀਖਣ ਦੌਰਾਨ ਜਦੋਂ ਡੀਐਮ ਨੇ ਰਜਿਸਟਰ 'ਚ ਨੋਟ ਕਿਸਾਨਾਂ ਦੇ ਮੋਬਾਈਲ ਨੰਬਰ 'ਤੇ ਗੱਲ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਕਿਸਾਨਾਂ ਨੇ ਡੀਐਮ ਨੂੰ ਦੱਸਿਆ ਕਿ ਐਮਐਸਪੀ 'ਤੇ ਝੋਨਾ ਵੇਚਣ ਦੀ ਥਾਂ ਸੈਂਟਰ ਇੰਚਾਰਜ ਨੇ ਉਨ੍ਹਾਂ ਤੋਂ 250 ਰੁਪਏ ਪ੍ਰਤੀ ਕੁਇੰਟਲ ਵਸੂਲੇ ਹਨ। ਇਸ ਖੁਲਾਸੇ ਤੋਂ ਬਾਅਦ ਡੀਐਮ ਆਲੋਕ ਤਿਵਾੜੀ ਨੇ ਖਰੀਦ ਕੇਂਦਰ ਇੰਚਾਰਜ ਤੇ ਸਹਾਇਕ ਇੰਚਾਰਜ ਨੂੰ ਤਾੜਨਾ ਕੀਤੀ। ਨਾਲ ਹੀ ਦੋਵਾਂ ਖਿਲਾਫ ਐਫਆਈਆਰ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।




ਦੋ ਮਿੰਟ 20 ਸੈਕਿੰਡ ਦੇ ਇਸ ਵੀਡੀਓ ਵਿੱਚ ਕਾਨਪੁਰ ਦੇ ਡੀਐਮ ਤੇ ਕਿਸਾਨਾਂ ਦਰਮਿਆਨ ਗੱਲਬਾਤ ਰਿਕਾਰਡ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਘਾਟਮਪੁਰ ਦੇ ਕੁਟਰਾ ਮਕੰਦਪੁਰ ਵਿਖੇ ਇੱਕ ਸੂਬਾ ਝੋਨਾ ਖਰੀਦ ਕੇਂਦਰ ਬਣਾਇਆ ਗਿਆ ਹੈ। ਇਸ ਖਰੀਦ ਕੇਂਦਰ ਨੂੰ ਲੈ ਕੇ ਡੀਐਮ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਡੀਐਮ ਨੇ ਖਰੀਦ ਕੇਂਦਰ ਦਾ ਨਿਰੀਖਣ ਕੀਤਾ। ਡੀਐਮ ਨੇ ਸੈਂਟਰ ਇੰਚਾਰਜ ਤੋਂ ਨਮੀ ਮਾਪਣ ਵਾਲੇ ਉਪਕਰਣ ਸੰਬੰਧੀ ਜਾਣਕਾਰੀ ਲਈ, ਜਿਸ ਦਾ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।




ਕਿਸਾਨ ਕੋਹਨਾ ਪ੍ਰਸਾਦ ਨੇ ਦੱਸਿਆ ਕਿ ਝੋਨਾ ਖਰੀਦ ਕੇਂਦਰ ਨੇ ਉਸ ਤੋਂ 39 ਕੁਇੰਟਲ ਝੋਨੇ ਦੀ ਖਰੀਦ ਕੀਤੀ ਪਰ ਬਦਲੇ 'ਚ ਉਸ ਨੂੰ ਖਰੀਦ ਕੇਂਦਰ ਦੇ ਇੰਚਾਰਜ ਨੂੰ 250 ਰੁਪਏ ਪ੍ਰਤੀ ਕੁਇੰਟਲ ਅਦਾ ਕਰਨਾ ਪਿਆ। ਡੀਐਮ ਆਲੋਕ ਤਿਵਾੜੀ ਨੇ ਇੱਕ ਹੋਰ ਕਿਸਾਨ ਰਾਮ ਚਰਨ ਨਾਲ ਫੋਨ 'ਤੇ ਗੱਲਬਾਤ ਕੀਤੀ। ਰਾਮ ਚਰਨ ਨੇ ਡੀਐਮ ਨੂੰ ਦੱਸਿਆ ਕਿ ਉਸ ਨੇ ਖਰੀਦ ਕੇਂਦਰ ਵਿਖੇ ਝੋਨਾ ਵੇਚਿਆ ਸੀ। ਪਰ ਇਸ ਦੇ ਬਦਲੇ ਉਸ ਨੇ 250 ਰੁਪਏ ਪ੍ਰਤੀ ਕੁਇੰਟਲ ਦਿੱਤੇ। ਇਹ ਸੁਣਦਿਆਂ ਹੀ ਡੀਐਮ ਨੇ ਖਰੀਦ ਕੇਂਦਰ ਇੰਚਾਰਜ ਅਤੇ ਸਹਾਇਕ ਇੰਚਾਰਜ ਖ਼ਿਲਾਫ਼ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।