ਚੰਡੀਗੜ: ਆਮ ਆਦਮੀ ਪਾਰਟੀ ਪੰਜਾਬ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕੋਰੋਨਾ ਦੌਰ ’ਚ ਹਰ ਰੋਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਸਖਤ ਅਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹਰ ਦਿਨ ਵਾਧਾ ਕਰਕੇ ਕੇਂਦਰ ਸਰਕਾਰ ਦੇਸ ਦੇ ਆਮ ਲੋਕਾਂ ਨੂੰ ਲੁੱਟ ਰਹੀ, ਜਦਕਿ ਲੋਕ ਪਹਿਲਾਂ ਹੀ ਕੋੋਰੋਨਾ ਮਹਾਮਾਰੀ ਕਾਰਨ ਬੇਰੁਜ਼ਗਾਰ ਹੋ ਗਏ ਹਨ।
ਪ੍ਰੋ. ਬਲਜਿੰਦਰ ਕੌਰ ਅਤੇ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਲੋਕਾਂ 'ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦਾ ਹੋਰ ਬੋਝ ਪਾ ਕੇ ਸਿੱਧ ਕਰ ਦਿੱਤਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੋਕ ਵਿਰੋਧੀ ਅਤੇ ਕਾਰਪੋਰਟਰਾਂ ਦੀ ਹਿਤੈਸੀ ਹੈ। ਉਨਾਂ ਦੋਸ਼ ਲਾਇਆ ਕਿ ਜਦੋਂ ਲੋਕ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ, ਉਸ ਸਮੇਂ ਮੋਦੀ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ 25 ਰੁਪਿਆਂ ਦਾ ਵਾਧਾ ਕਰਕੇ ਇਸ ਦੀ ਕੀਮਤ 95 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈੇ।
ਆਗੂਆਂ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ ਖੇਤੀਬਾੜੀ ਖੇਤਰ ਲਈ ਤਬਾਹਕੁਨ ਸਾਬਤ ਹੋ ਰਿਹਾ ਹੈ। ਇਸ ਵਾਧੇ ਨਾਲ ਫਸਲਾਂ ਦੀ ਬਿਜਾਈ, ਸਿੰਚਾਈ ਅਤੇ ਕਟਾਈ ਦੇ ਖਰਚੇ ਵੀ ਵੱਧ ਗਏ ਹਨ, ਜੋ ਪਹਿਲਾਂ ਹੀ ਕਰਜਈ ਕਿਸਾਨਾਂ ਲਈ ਅਸਹਿਣਯੋਗ ਹੈ।
ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ’ਤੇ ਵੀ ਪੈ ਰਿਹਾ ਹੈ। ਦਾਲਾਂ ਤੋਂ ਲੈ ਕੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵੀ ਵੱਧ ਗਈਆਂ ਹਨ। ਜਿਸ ਦਾ ਅਸਰ ਮੱਧਮ ਵਰਗ ’ਤੇ ਬਹੁਤ ਬੁਰਾ ਪੈ ਰਿਹਾ ਹੈ। ਨਰਿੰਦਰ ਮੋਦੀ ਸਰਕਾਰ ਨੇ ਅਜਿਹੇ ਸਮੇਂ ਤੇਲ ਕੀਮਤਾਂ ਵਿੱਚ ਵਾਧਾ ਕੀਤਾ ਜਦੋਂ ਲੋਕ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ ਅਤੇ ਬੇਰੁਜਗਾਰ ਹੋ ਕੇ ਸਰਕਾਰੀ ਦੀ ਵਿੱਤੀ ਸਹਾਇਤਾ ਦੀ ਉਡੀਕ ਕਰ ਰਹੇ ਹਨ।
ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਆਮ ਵਸਤੂਆਂ ਦੀਆਂ ਹਰ ਦਿਨ ਵਧਦੀਆਂ ਕੀਮਤਾਂ ਕੇਂਦਰ ਸਰਕਾਰ ਦੀ ਆਮ ਲੋਕਾਂ ਦੇ ਹਿੱਤਾਂ ਪ੍ਰਤੀ ਉਦਾਸੀਨਤਾ ਨੂੰ ਪੇਸ਼ ਕਰਦੀਆਂ ਹਨ। ਉਨਾਂ ਕਿਹਾ ਕਿ ਜਿੱਥੇ ਮੱਧਮ ਵਰਗ ਕਾਰੋਬਾਰ ਬੰਦ ਹੋ ਜਾਣ ਕਾਰਨ ਆਪਣਾ ਪਰਿਵਾਰ ਪਾਲਣ ਲਈ ਸੰਘਰਸ਼ ਕਰ ਰਿਹਾ ਹੈ, ਉਥੇ ਹੀ ਕੇਂਦਰ ਸਰਕਾਰ ਉਨ੍ਹਾਂ ਦੀਆਂ ਜੇਬਾਂ ’ਤੇ ਡਾਕਾ ਮਾਰਨ ਵਿੱਚ ਲੱਗੀ ਹੋਈ ਹੈ। ਅਜਿਹੇ ਔਖੇ ਸਮੇਂ ਵਿੱਚ ਮਦਦ ਕਰਨ ਦੀ ਥਾਂ ਕੇਂਦਰ ਸਰਕਾਰ ਨੂੰ ਲੋਕਾਂ ਦਾ ਗਲ ਘੁੱਟਣ ਤੋਂ ਬਚਣਾ ਚਾਹੀਦਾ।