ਬਰਨਾਲਾ: ਪੰਜਾਬ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਸਿਰ ਵਿਦੇਸ਼ ਜਾਣ ਦਾ ਭੂਤ ਸਵਾਰ ਹੈ। ਇਸ ਲਈ ਉਹ ਕਈ ਤਰ੍ਹਾਂ ਦੇ ਖਤਰੇ ਵੀ ਮੁੱਲ ਲੈ ਰਹੇ ਹਨ। ਇਥੋਂ  ਤੱਕ ਕਿ ਕਈ ਲੋਕ ਤਾਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਫਿਰ ਇੱਕ ਵਾਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ ਜਾਣ ਦੇ ਚੱਕਰ ਵਿੱਚ ਬਰਨਾਲਾ ਜ਼ਿਲੇ ਦੇ ਪਿੰਡ ਰੂੜੇਕੇ ਕਲਾਂ ਦਾ ਨੌਜਵਾਨ ਚਮਕੌਰ ਸਿੰਘ 25 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ।


ਚਮਕੌਰ ਸਿੰਘ ਨੇ ਵਿਦੇਸ਼ ਜਾਣ ਲਈ ਇੱਕ ਲੜਕੀ ਨਾਲ ਸਾਰਾ ਖ਼ਰਚਾ ਚੁੱਕ ਕੇ ਵਿਆਹ ਕਰਵਾ ਕੇ ਉਸ ਦੀ ਪੜਾਈ ਦਾ ਖ਼ਰਚ ਚੁੱਕਿਆ। ਫਿਰ ਉਸ ਨੂੰ ਆਈਲੈਟਸ ਕਰਵਾਈ। ਜਿਸਤੋਂ ਬਾਅਦ ਉਸ ਲੜਕੀ ਦੀ ਵਿਦੇਸ਼ 'ਚ ਪੜਾਈ ਲਈ ਫ਼ੀਸ ਵੀ ਜਮਾ ਕਰਵਾ ਦਿੱਤੀ।




ਹੁਣ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਚਮਕੌਰ ਦੀ ਪਤਨੀ ਉਸ ਨੂੰ ਛੱਡ ਕੇ ਫਰਾਰ ਹੋ ਗਈ ਹੈ। ਚਮਕੌਰ ਦੇ ਬਿਆਨ 'ਤੇ ਉਸ ਦੀ ਪਤਨੀ ਸਮੇਤ ਸਹੁਰਾ ਪਰਿਵਾਰ ਦੇ 4 ਲੋਕਾਂ ’ਤੇ ਪੁਲਿਸ ਨੇ ਠੱਕੀ ਮਾਰਨ ਦਾ ਮਾਮਲਾ ਦਰਜ਼ ਕੀਤਾ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।