ਤਾਲਿਬਾਨ ਨੂੰ ਸੱਤਾ ਸੰਭਾਲੇ ਨੂੰ 50 ਤੋਂ ਜ਼ਿਆਦਾ ਦਿਨ ਹੋ ਗਏ ਹਨ। ਇੰਨੇ ਦਿਨਾਂ 'ਚ ਤਾਲਿਬਾਨ ਆਪਣੇ ਲੋਕਾਂ 'ਤੇ ਭਰੋਸਾ ਨਹੀਂ ਬਣਾ ਪਾਇਆ। ਲੋਕ ਅਫਗਾਨਿਸਤਾਨ 'ਚ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਦੀ ਗਵਾਹੀ ਪਾਸਪੋਰਟ ਦਫਤਰ ਬਾਹਰ ਲੋਕਾਂ ਦੀ ਭੀੜ ਭਰ ਰਹੀ ਹੈ। ਅਫਗਾਨਿਸਤਾਨ 'ਚ ਪਾਸਪੋਰਟ ਵਿਵਸਥਾ ਦੁਬਾਰਾ ਬਹਾਲ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪਾਸਪੋਰਟ ਆਫਿਸ ਦੇ ਬਾਹਰ ਹਜ਼ਾਰਾਂ ਲੋਕਾਂ ਦੀ ਭੀੜ ਲੱਗ ਚੁੱਕੀ ਹੈ।

 

ਕਾਬੁਲ ਪਾਸਪੋਰਟ ਆਫਿਸ ਬਾਹਰ ਲੋਕਾਂ ਦੀ ਭਾਰੀ ਭੀੜ ਹੈ। ਕਾਬੁਲ 'ਚ ਮਹੀਨੇ ਬਾਅਦ ਪਾਸਪੋਰਟ ਆਫਿਸ ਖੋਲਣ ਦਾ ਵਾਅਦਾ ਤਾਂ ਪੂਰਾ ਹੋਇਆ ਪਰ ਵਿਵਸਥਾ ਦਿਖਾਈ ਨਹੀਂ ਦਿੱਤੀ। ਲੋਕ ਮਹੀਨਿਆਂ ਤੋਂ ਰੁਕੇ ਹੋਏ ਆਵੇਦਨ ਨੂੰ ਪੂਰਾ ਕਰਵਾਉਣ ਲਈ ਪਾਸਪੋਰਟ ਦਫਤਰ ਪਹੁੰਚੇ। ਕਿਸੇ ਨੂੰ ਪੁਰਾਣਾ ਪਾਸਪੋਰਟ ਰਿਨਿਊ ਕਰਵਾਉਣਾ ਸੀ ਤਾਂ ਕਿਸੇ ਨੂੰ ਨਵਾਂ ਬਣਵਾਉਣਾ ਸੀ। ਪਰ ਇਥੇ ਪਾਸਪੋਰਟ ਬਣਾਉਣ ਲਈ ਪਹੁੰਚੀ ਲੋਕਾਂ ਦੀ ਭੀੜ 'ਤੇ ਤਾਲਿਬਾਨ ਦੇ ਲੜਾਕਿਆਂ ਨੇ ਬਲ ਦੀ ਵਰਤੋਂ ਕੀਤੀ। ਕਈਆਂ ਤੇ ਡਾਗਾਂ ਤੱਕ ਵਰ੍ਹਾਈਆਂ ਗਈਆਂ।

 

ਤਾਲਿਬਾਨੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਬਾਅਦ ਪਾਸਪੋਰਟ ਆਫਿਸ ਖੋਲ੍ਹਣ ਦਾ ਫੈਸਲਾ ਲਿਆ ਗਿਆ। ਕਾਰਜਕਾਲ ਦਫਤਰ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਦਿਕੱਤਾਂ ਆ ਰਹੀਆਂ ਹਨ, ਕਿਉਂਕਿ ਤਾਲਿਬਾਨ ਦੇ ਖੌਫ ਕਾਰਨ ਕੋਈ ਵੀ ਅਫਗਾਨਿਸਤਾਨ 'ਚ ਰਹਿਣਾ ਨਹੀਂ ਚਾਹੁੰਦਾ। ਕੋਈ ਮੈਡੀਕਲ ਕਾਰਨਾਂ ਕਰਕੇ ਤਾਂ ਕੋਈ ਸਿੱਖਿਆ ਲਈ ਅਫਗਾਨਿਸਤਾਨ ਛੱਡਣ ਦਾ ਬਹਾਨਾ ਬਣਾ ਰਿਹਾ ਹੈ।

 

ਕਈ ਤਾਂ ਇਰਾਨ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਵੱਡੀ ਗਿਣਤੀ 'ਚ ਲੋਕ ਪਾਕਿਸਤਾਨ ਦੇ ਚਮਨ ਬਾਰਡਰ ਰਾਹੀਂ ਅਫਗਾਨਿਸਤਾਨ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਅਜਿਹੇ 'ਚ ਪਾਕਿਸਤਾਨ ਦੀ ਸਰਕਾਰ ਨੇ ਚਮਨ ਬਾਰਡਰ ਨੂੰ ਬੰਦ ਕਰ ਦਿੱਤਾ।  ਬਾਰਡਰ ਗੇਟ ਬੰਦ ਕਰ ਬਕਾਇਦਾ ਸੀਮੇਂਟ ਦੇ ਵੱਡੇ ਰੋਡ ਬਲੌਕ ਖੜ੍ਹੇ ਕਰ ਦਿੱਤੇ ਗਏ ਹਨ। ਜ਼ਾਹਿਰ ਹੈ ਕਿ ਤਾਲਿਬਾਨ ਦੇ ਇਸ ਕਦਮ ਨਾਲ ਪਾਕਿਸਤਾਨ ਤਿਲਮਿਲਾ ਉਠਿਆ ਹੈ।