ਅੰਮ੍ਰਿਤਸਰ: ਦਿੱਲੀ ਦੀਆਂ ਸਰੱਹਦਾਂ 'ਤੇ ਕਿਸਾਨ ਅੰਦੋਲਨ ਪੂਰੇ ਜੋਸ਼ ਨਾਲ ਜਾਰੀ ਹੈ। ਇਸ ਦਰਮਿਆਨ ਕਿਸਾਨਾਂ ਦੇ ਜੋਸ਼ ਨੂੰ ਘਟਾਉਣ ਲਗਾਤਾਰ ਸਰਕਾਰ ਵਲੋਂ ਕਈ ਤਰ੍ਹਾਂ ਦੇ ਯਤਨ ਕੀਤਾ ਜਾ ਰਹੇ ਹਨ। ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਨੋਟਿਸ ਭੇਜੇ ਜਾ ਰਹੇ ਹਨ। ਹੁਣ ਕੇਂਦਰੀ ਸਰਕਾਰ ਨੇ ਸਰਹੱਦੀ ਕਿਸਾਨਾਂ ਕੋਲ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਕੋਲੋਂ ਬੰਧੂਆਂ ਮਜ਼ਦੂਰਾਂ ਵਾਂਗ ਕੰਮ ਲਏ ਜਾਣ ਬਾਬਤ ਪੱਤਰ ਜਾਰੀ ਕੀਤੇ ਹਨ। 


 


ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬੀਤੇ ਕੱਲ ਇਨ੍ਹਾਂ ਕਿਸਾਨਾਂ ਨੂੰ ਜਾਰੀ ਕੀਤੇ ਪੱਤਰ ਦੇ ਰੋਸ ਵਜੋਂ ਅੱਜ ਮਾਝੇ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਦੇ ਪੁਤਲੇ ਸਾੜੇ ਗਏ। ਉਨ੍ਹਾਂ ਇਸ ਪੱਤਰ ਨੂੰ ਇਕ ਗਿਣੀ ਮਿੱਥੀ ਸਾਜਿਸ਼ ਦੱਸਿਆ। ਪਿੰਡ ਬੇਗੇਵਾਲ 'ਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਕਿਹਾ ਕੇਂਦਰ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਤੇ ਪੰਜਾਬ ਨੂੰ ਸਜ਼ਾ ਦੇਣ ਲਈ ਕੇਂਦਰ ਵਲੋਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸ ਦਾ ਕਿਸਾਨ ਲਗਾਤਾਰ ਵਿਰੋਧ ਕਰਦੇ ਰਹਿਣਗੇ। 


 


ਰਾਕੇਸ਼ ਟਿਕੈਤ 'ਤੇ ਬੀਤੇ ਕੱਲ ਹੋਏ ਹਮਲੇ ਨੂੰ ਵੀ ਸਾਜਿਸ਼ਨ ਕਰਾਰ ਦਿੰਦਿਆਂ ਕਿਸਾਨ ਆਗੂਆਂ ਨੇ ਇਸ ਦੀ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ। ਰਾਕੇਸ਼ ਟਿਕੈਤ ਦੇ ਕਾਫਲੇ 'ਤੇ ਹੋਏ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਏਬੀਵੀਪੀ ਨੇਤਾ ਸਣੇ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਕੇਸ਼ ਟਿਕੈਤ ਦੇ ਕਾਫਲੇ 'ਤੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਤਤਾਰਪੁਰ ਲਾਂਘਾ 'ਤੇ ਹਮਲਾ ਕੀਤਾ ਗਿਆ। 


 


ਕੁਝ ਲੋਕਾਂ ਨੇ ਸਵਾਗਤ ਦੇ ਬਹਾਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਅਤੇ ਫਿਰ ਹਮਲਾ ਕਰ ਦਿੱਤਾ। ਉਨ੍ਹਾਂ 'ਤੇ ਸਿਆਹੀ ਵੀ ਸੁੱਟੀ ਗਈਕਾਰ ਦੇ ਸ਼ੀਸ਼ੇ ਵੀ ਤੋੜੇ ਗਏ। ਦੱਸ ਦਈਏ ਕਿ ਰਾਕੇਸ਼ ਟਿਕੈਤ 'ਤੇ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਸਵਾਲੀ ਵਿਚ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਬਾਨਸੂਰ ਵਿਚ ਸਭਾ ਕਰਨ ਜਾ ਰਹੇ ਸੀ। ਹਮਲੇ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਇੱਕ ਕੇਸ ਦਰਜ ਕੀਤਾ ਗਿਆ ਸੀ।