ਸੋਨੀਪਤ: ਸੋਨੀਪਤ ਮੁਰਥਲ ਸਥਿਤ ਢਾਬਿਆਂ 'ਤੇ ਸੀਐਮ ਫਲਾਇੰਗ ਨੇ ਛਾਪਾ ਮਾਰ ਕੇ 12 ਲੜਕੀਆਂ ਤੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਚ ਤਿੰਨ ਵਿਦੇਸ਼ੀ ਲੜਕੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 9 ਮੁੰਡਿਆਂ ਨੂੰ ਜੂਆ ਖੇਡਦੇ ਫੜਿਆ ਗਿਆ ਹੈ। ਡੀਐਸਪੀ ਅਜੀਤ ਸਿੰਘ ਦੀ ਅਗਵਾਈ 'ਚ ਕਈ ਕਾਰਵਾਈਆਂ 'ਚ 6 ਢਾਬਿਆਂ 'ਤੇ ਛਾਪੇ ਮਾਰ ਕੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਇਨ੍ਹਾਂ 'ਚ ਤਿੰਨ ਜਿਸਮ ਫ਼ਿਰੋਸ਼ੀ ਤੇ ਇੱਕ 'ਚ ਜੂਆ ਖੇਡਣ ਸਮੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਇਨ੍ਹਾਂ ਸਾਰਿਆਂ ਨੂੰ ਅੱਜ ਅਦਾਲਤ 'ਚ ਪੇਸ਼ ਕਰੇਗੀ।


ਹਾਸਲ ਜਾਣਕਾਰੀ ਮੁਤਾਬਕ ਦੇਰ ਰਾਤ ਸੋਨੀਪਤ ਦੇ ਮੂਰਥਲ 'ਚ ਢਾਬਿਆਂ 'ਤੇ ਜਿਸਮ ਫ਼ਿਰੋਸ਼ੀ ਤੇ ਨਸ਼ੇ ਦਾ ਧੰਦਾ ਕੀਤੇ ਜਾਣ ਦੀ ਸ਼ਿਕਾਇਤ ਸੀਐਮ ਫਲਾਇੰਗ ਦੇ ਅਧਿਕਾਰੀਆਂ ਨੂੰ ਮਿਲੀ ਸੀ। ਇਸ ਕਾਰਨ ਸੀਐਮ ਫਲਾਇੰਗ ਦੇ ਡੀਐਸਪੀ ਅਜੀਤ ਸਿੰਘ ਦੀ ਅਗਵਾਈ ਹੇਠ ਤਿੰਨ ਟੀਮਾਂ ਨੇ ਛਾਪਾ ਮਾਰਿਆ। ਸੀਐਮ ਫਲਾਇੰਗ ਦੀ ਟੀਮ ਰਾਤ ਕਰੀਬ 9 ਵਜੇ ਮੂਰਥਲ ਪਹੁੰਚੀ।

ਟੀਮ ਦੀ ਅਗਵਾਈ ਡੀਐਸਪੀ ਅਜੀਤ ਸਿੰਘ ਤੇ ਐਸਡੀਐਮ ਸੋਨੀਪਤ ਨੇ ਕੀਤੀ। ਟੀਮ ਨੇ ਮੁਰਥਲ 'ਚ ਹੈੱਪੀ, ਰਾਜਾ ਤੇ ਹੋਟਲ ਵੈਸਟ ਜਿਹੇ ਢਾਬਿਆਂ 'ਤੇ ਛਾਪੇ ਮਾਰੇ। ਇੱਥੋਂ 12 ਲੜਕੀਆਂ ਸਮੇਤ 3 ਨੌਜਵਾਨ ਮਿਲੇ। ਇਹ ਸਾਰੇ ਜਿਸਮਫ਼ਿਰੌਸ਼ੀ ਦਾ ਧੰਦਾ ਕਰ ਰਹੇ ਸਨ। 9 ਲੜਕੀਆਂ ਦਿੱਲੀ ਦੀਆਂ ਹਨ, ਜਦਕਿ ਬਾਕੀ 3 ਉਜ਼ਬੇਕਿਸਤਾਨ, ਤੁਰਕੀ ਅਤੇ ਰੂਸ ਦੀਆਂ ਹਨ।

ਇੱਕ ਟੀਮ ਨੇ ਬ੍ਰਾਊਨ ਸਟੋਨ ਢਾਬੇ 'ਤੇ ਛਾਪਾ ਮਾਰਿਆ। ਉੱਥੋਂ 12 ਨੌਜਵਾਨ ਜੂਆ ਖੇਡਦੇ ਫੜੇ ਗਏ। ਉਨ੍ਹਾਂ ਕੋਲੋਂ 1.63 ਲੱਖ ਰੁਪਏ ਬਰਾਮਦ ਕੀਤੇ ਗਏ। ਸੀਐਮ ਫਲਾਇੰਗ ਦੇ ਆਪ੍ਰੇਸ਼ਨ ਦੌਰਾਨ ਕਈ ਢਾਬਿਆਂ ਤੇ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।

ਇਸ ਛਾਪੇਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮ ਫਲਾਇੰਗ ਦੇ ਡੀਐਸਪੀ ਅਜੀਤ ਕੁਮਾਰ ਨੇ ਦੱਸਿਆ ਕਿ ਸਾਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਮੁਰਥਲ ਦੇ ਬਹੁਤ ਸਾਰੇ ਢਾਬਿਆਂ ਵਿੱਚ ਗੈਰ-ਕਾਨੂੰਨੀ ਹਰਕਤਾਂ ਹੁੰਦੀਆਂ ਹਨ, ਜਿਸ 'ਤੇ ਅਸੀਂ ਕਾਰਵਾਈ ਕਰਦੇ ਹੋਏ ਇਹ ਛਾਪੇਮਾਰੀ ਕੀਤੀ।