ਬਠਿੰਡਾ: ਬਠਿੰਡਾ ਨਗਰ ਨਿਗਮ 'ਤੇ 53 ਸਾਲ ਬਾਅਦ ਕਾਂਗਰਸ ਪਾਰਟੀ ਦਾ ਕਬਜ਼ਾ ਹੋਇਆ ਹੈ। ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਹਾਜ਼ਰੀ ਵਿੱਚ ਹੋਈ ਚੋਣ 'ਚ ਪਹਿਲੀ ਵਾਰ ਕੌਂਸਲਰ ਬਣੀ ਰਮਨ ਗੋਇਲ ਮੇਅਰ ਚੁਣੀ ਗਈ ਹੈ। ਅਸ਼ੋਕ ਪ੍ਰਧਾਨ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਕੌਂਸਲਰ ਮਾਸਟਰ ਹਰਮੰਦਰ ਸਿੰਘ ਨੂੰ ਡਿਪਟੀ ਮੇਅਰ ਚੁਣਿਆ ਗਿਆ।

 

ਦੂਜੇ ਪਾਸੇ ਇਸ ਚੋਣ ਦਾ ਬਾਈਕਾਟ ਕਰਦਿਆਂ ਅਕਾਲੀ ਦਲ ਦੇ ਕੌਂਸਲਰਾਂ ਹਰਪਾਲ ਢਿੱਲੋਂ ਅਤੇ ਸ਼ੈਰੀ ਗੋਇਲ ਨੇ ਕਿਹਾ ਕਿ ਅਮਨਦੀਪ ਕੌਰ ਸੁਰੇਸ਼ ਤੋਂ ਆਏ ਇਹ ਚੋਣ 'ਚ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਕਾਂਗਰਸ ਪਾਰਟੀ ਦੇ ਹੀ ਦਾਅਵੇਦਾਰ ਜਗਰੂਪ ਗਿੱਲ ਦੀ ਵੀ ਆਵਾਜ਼ ਤਕ ਨਹੀਂ ਸੁਣੀ ਗਈ। ਵਿੱਤ ਮੰਤਰੀ ਵੱਲੋਂ ਆਪਣੀ ਜੇਬ 'ਚੋਂ ਮੇਅਰ ਦਾ ਪੱਤਾ ਕੱਢਿਆ ਗਿਆ ਹੈ।

 

ਇਸ ਚੋਣ 'ਤੇ ਸਵਾਲ ਖੜ੍ਹੇ ਕਰਦਿਆਂ ਕਾਂਗਰਸੀ ਆਗੂ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਬਾਦਲਾਂ ਦੀ ਸਰਕਾਰ ਵੇਲੇ ਨਗਰ ਨਿਗਮ 'ਚ ਵਿਰੋਧੀ ਧਿਰ ਦਾ ਰੋਲ ਨਿਭਾਉਣ ਵਾਲੇ ਸੀਨੀਅਰਾਂ ਨੂੰ ਵੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਲਈ ਨਜ਼ਰਅੰਦਾਜ਼ ਕੀਤਾ ਹੈ ਕਿਉਂਕਿ ਕੋਈ ਸਮਾਂ ਸੀ ਜਦੋਂ ਕਾਂਗਰਸ ਦੀ ਟਿਕਟ 'ਤੇ ਕੋਈ ਕੌਂਸਲਰ ਦੀ ਚੋਣ ਨਹੀਂ ਲੜਦਾ ਸੀ ਪਰ ਫਿਰ ਵੀ ਚੋਣ ਲੜ ਕੇ ਸੱਤ ਵਾਰ ਜਿੱਤ ਚੁੱਕੇ ਹਨ। 

 

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਸਮੂਹ ਕੌਂਸਲਰਾਂ ਅਤੇ ਖ਼ਾਸ ਕਰਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਨਗਰ ਨਿਗਮ 'ਤੇ 53 ਸਾਲ ਬਾਅਦ ਕਾਂਗਰਸ ਪਾਰਟੀ ਦੀ ਜਿੱਤ ਦੀ ਵਧਾਈ ਦਿੰਦੇ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਚੁਣੇ ਗਏ ਮੇਅਰ ਅਤੇ ਉਨ੍ਹਾਂ ਦੀ ਟੀਮ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਮਿਲੇ ਬਜਟ ਤਹਿਤ ਸ਼ਹਿਰ ਦੇ ਹਰ ਕੋਨੇ ਦਾ ਵਿਕਾਸ ਬਿਨਾਂ ਕਿਸੇ ਵਿਤਕਰੇ ਦੇ ਕੀਤਾ ਜਾਵੇਗਾ।