ਮਹਿਤਾਬ-ਉਦ-ਦੀਨ

ਚੰਡੀਗੜ੍ਹ: 1699 ’ਚ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਨ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸੇ ਲਈ ਸਿੱਖ ਧਰਮ ਤੇ ਕੌਮ ਲਈ ਵਿਸਾਖੀ ਦੇ ਤਿਉਹਾਰ ਦਾ ਵੱਡਾ ਮਹੱਤਵ ਹੈ। ਉਂਝ ਵੀ ਪੰਜਾਬ ਸਮੇਤ ਦੇਸ਼ ਦੇ ਹੋਰ ਵੀ ਬਹੁਤ ਸਾਰੇ ਇਲਾਕਿਆਂ ’ਚ ਵਿਸਾਖੀ ਤੋਂ ਨਵੇਂ ਦੇਸੀ ਵਰ੍ਹੇ ਦੀ ਸ਼ੁਰੂਆਤ ਹੁੰਦੀ ਹੈ। ਵਿਸਾਖੀ ਦੀਆਂ ਰੌਣਕਾਂ ਪੂਰੀ ਦੁਨੀਆ ਵਿੱਚ ਵੇਖਣ ਵਾਲੀਆਂ ਹੁੰਦੀਆਂ ਹਨ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਵਾਰ ਲਗਾਤਾਰ ਦੂਜੇ ਵਰ੍ਹੇ ਵੀ ਰਵਾਇਤੀ ਜੋਸ਼ੋ-ਖ਼ਰੋਸ਼ ਪੂਰੀ ਤਰ੍ਹਾਂ ਗ਼ਾਇਬ ਹੈ।

 

ਸ੍ਰੀ ਅਨੰਦਪੁਰ ਸਾਹਿਬ (ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਥਿਤ ਹੈ) ਦੇ ਨਾਲ-ਨਾਲ ਪੰਜਾਬ ਸਮੇਤ ਜਿੱਥੇ ਕਿਤੇ ਵੀ ਦੁਨੀਆ ’ਚ ਪੰਜਾਬੀ ਵਸਦੇ ਹਨ, ਉੱਥੇ ਵਿਸਾਖੀ ਦਾ ਤਿਉਹਾਰ ਖ਼ਾਸ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਂਦਾ ਹੈ।

 

ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ ਦੇ ਹੋਰ ਲਗਪਗ ਸਾਰੇ ਦੇਸ਼ਾਂ, ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਸਮੇਤ ਧਰਤੀ ਦੇ ਸਾਰੇ ਸੱਤ ਮਹਾਂਦੀਪਾਂ  ਏਸ਼ੀਆ, ਅਫ਼ਰੀਕਾ, ਅੰਟਾਰਕਟਿਕਾ, ਆਸਟ੍ਰੇਲੀਆ/ਓਸ਼ਨਿਕਾ, ਯੂਰਪ, ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਦੇ ਸਾਰੇ ਦੇਸ਼ਾਂ ਵਿੱਚ ਵੱਡੇ ਪੱਧਰ ਉੱਤੇ ਸਿੱਖ ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਸਜਾਏ ਜਾਂਦੇ ਹਨ। ਬਹੁਤੇ ਪੱਛਮੀ ਦੇਸ਼ਾਂ (ਖ਼ਾਸ ਕਰ ਕੇ ਕੈਨੇਡਾ ਤੇ ਅਮਰੀਕਾ) ਵਿੱਚ ਉਨ੍ਹਾਂ ਨੂੰ ਖ਼ਾਲਸਾ ਡੇਅ ਪਰੇਡ ਆਖਿਆ ਜਾਂਦਾ ਹੈ। ਪਰ ਪਿਛਲੇ ਸਾਲ ਵਾਂਗ ਐਤਕੀਂ ਵੀ ਵਿਸਾਖੀ ਕੁਝ ਫਿੱਕੀ ਹੀ ਰਹਿਣ ਵਾਲੀ ਹੈ; ਕਿਉਂਕਿ ਸਾਰੇ ਦੇਸ਼ਾਂ ਦੀ ਸਿੱਖ ਸੰਗਤ ਨੇ ਇਸ ਵਾਰ ਵੀ ‘ਖ਼ਾਲਸਾ ਡੇਅ ਪਰੇਡ’ ਰੱਦ ਕਰਨ ਦਾ ਹੀ ਫ਼ੈਸਲਾ ਕੀਤਾ ਹੈ।

 

ਮਹਾਮਾਰੀ ਨੇ ਲੋਕਾਂ ਨੂੰ ਆਪੋ-ਆਪਣੇ ਘਰਾਂ ਅੰਦਰ ਹੀ ਬੰਦ ਰਹਿਣ ਲਈ ਮਜਬੂਰ ਕੀਤਾ ਹੋਇਆ ਹੈ। ਇਸ ਲਈ ਹੁਣ ਵਿਸਾਖੀ ਦਾ ਤਿਉਹਾਰ ਵੀ ਸਮੂਹਕ ਦੀ ਥਾਂ ਵਿਅਕਤੀਗਤ ਤੇ ਪਰਿਵਾਰਕ ਬਣਨ ਵੱਲ ਵਧਦਾ ਜਾ ਰਿਹਾ ਹੈ। ਇਸ ਨੂੰ ਆਧੁਨਿਕ ਪੂੰਜੀਵਾਦੀ ਜੁੱਗ ਤੇ ਵਧਦੀ ਆਬਾਦੀ ਦਾ ‘ਸਾਈਡ ਇਫ਼ੈਕਟ’ ਵੀ ਆਖਿਆ ਜਾ ਸਕਦਾ ਹੈ।

 

ਜ਼ਿਆਦਾਤਰ ਦੇਸ਼ਾਂ ਵਿੱਚ ਕੋਵਿਡ-19 ਕਾਰਨ ਸਖ਼ਤ ਪਾਬੰਦੀਆਂ ਲੱਗੀਆਂ ਹੋਈਆਂ ਹਨ। ਪਿਛਲੇ ਸਾਲ ਮਾਰਚ ਮਹੀਨੇ ਤੋਂ ਦੁਨੀਆ ਵਿੱਚ ਲੌਕਡਾਊਨ ਲੱਗਣੇ ਸ਼ੁਰੂ ਹੋ ਗਏ ਸਨ; ਜੋ ਹਾਲੇ ਤੱਕ ਜਾਰੀ ਹਨ। ਉਂਝ ਭਾਵੇਂ ਟੀਕਾਕਰਣ (ਵੈਕਸੀਨੇਸ਼ਨ- Vaccination) ਮੁਹਿੰਮਾਂ ਵੀ ਬੜੀ ਤੇਜ਼ੀ ਨਾਲ ਚੱਲ ਰਹੀਆਂ ਹਨ ਪਰ ਟੀਕਾਕਰਣ ਤੋਂ ਬਾਅਦ ਵੀ ਮਾਹਿਰਾਂ ਵੱਲੋਂ ਸਾਰੀਆਂ ਸਾਵਧਾਨੀਆਂ ਮਾਸਕ ਲਾ ਕੇ ਰੱਖਣ, ਸਮਾਜਕ ਦੂਰੀ ਬਣਾ ਕੇ ਰੱਖਣ ਅਤੇ ਸੈਨੀਟਾਈਜ਼ੇਸ਼ਨ ਵੱਲ ਖ਼ਾਸ ਧਿਆਨ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ।