ਮੈਲਬਰਨ: ਵਿਦੇਸ਼ਾਂ ਵਿੱਚ ਕੋਰੋਨਾ ਦੀ ਮਾਰ ਪਰਵਾਸੀ ਵਿਦਿਆਰਥੀਆਂ ਉੱਪਰ ਵੀ ਪਈ ਹੈ। ਇਸ ਬਾਰੇ ਵੱਡਾ ਖੁਲਾਸਾ ਆਸਟਰੇਲੀਆ ਵੱਲੋਂ ਜਾਰੀ ਰਿਪੋਰਟ ਵਿੱਚ ਹੋਇਆ ਹੈ। ਆਸਟਰੇਲੀਆ ਸਰਕਾਰ ਦੇ ਸਿੱਖਿਆ, ਹੁਨਰ ਤੇ ਰੁਜ਼ਗਾਰ ਵਿਭਾਗ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਅਨੁਸਾਰ ਆਸਟਰੇਲੀਆ ਵਿੱਚ ਘੱਟ ਇਕਾਂਤਵਾਸ ਸਮਰੱਥਾ ਤੇ ਕੋਵਿਡ-19 ਨੀਤੀਗਤ ਤਬਦੀਲੀਆਂ ਕਾਰਨ ਵਿਦੇਸ਼ੀ ਪਾੜ੍ਹਿਆਂ ਨੂੰ ਵਾਪਸ ਲਿਆਉਣ ਵਿੱਚ ਦੇਰੀ ਦੇ ਚੱਲਦਿਆਂ 10 ਜਨਵਰੀ, 2021 ਤਕ ਆਸਟਰੇਲੀਆ ਦੇ 5,42,106 ਵਿਦਿਆਰਥੀ ਵੀਜ਼ਾ ਧਾਰਕਾਂ ਵਿੱਚੋਂ ਲਗਪਗ 1,64,000 ਨੂੰ ਅਨਿਸ਼ਚਿਤ ਹਾਲਾਤ ਕਾਰਨ ਦੇਸ਼ ਛੱਡਣਾ ਪਿਆ ਹੈ।
ਤਾਜ਼ਾ ਅੰਕੜਿਆਂ ਅਨੁਸਾਰ ਤਕਰੀਬਨ 12,740 ਵਿਦਿਆਰਥੀ ਵੀਜ਼ਾ ਧਾਰਕ, ਜਿਨ੍ਹਾਂ ਨੂੰ ਅਨਿਸ਼ਚਿਤ ਹਾਲਾਤ ਕਾਰਨ ਆਸਟਰੇਲੀਆ ਛੱਡ ਕੇ ਜਾਣਾ ਪਿਆ, ਭਾਰਤ ਤੋਂ ਸਨ। ਹੁਣ ਤਕ 60,394 ਵਿਦਿਆਰਥੀ ਨਿਊ ਸਾਊਥ ਵੇਲਜ਼ ਤੇ 56,824 ਵਿਕਟੋਰੀਆ ਸੂਬੇ ਤੋਂ ਆਪਣੇ ਦੇਸ਼ ਵਾਪਸ ਜਾ ਚੁੱਕੇ ਹਨ, ਜਿਸ ਕਾਰਨ ਇਨ੍ਹਾਂ ਰਾਜਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
ਇਨ੍ਹਾਂ ਵਿੱਚ ਬਹੁਤੇ ਉਹ ਪਾੜ੍ਹੇ ਹਨ, ਜੋ ਆਪਣੀ ਪੜ੍ਹਾਈ ਜਾਂ ਤਾਂ ਪੂਰੀ ਕਰ ਚੁੱਕੇ ਹਨ ਜਾਂ ਆਪਣੀ ਪੜ੍ਹਾਈ ਅਜੇ ਸ਼ੁਰੂ ਹੀ ਨਹੀਂ ਕਰ ਸਕੇ ਸਨ। ਇਸ ਤੋਂ ਇਲਾਵਾ ਵਾਪਸ ਆਉਣ ਵਿੱਚ ਅਸਮਰੱਥ 40,000 ਆਸਟਰੇਲੀਅਨ ਨਾਗਰਿਕਾਂ ਨੂੰ ਵਾਪਸ ਲਿਆਉਣਾ ਵੀ ਸਰਕਾਰ ਲਈ ਵੱਡੀ ਚੁਣੌਤੀ ਬਣੀ ਹੋਈ ਹੈ।
ਉਧਰ, ਵਿਦੇਸ਼ੀ ਪਾੜ੍ਹਿਆਂ ਦੀ ਵਾਪਸੀ ਲਈ ਪਾਇਲਟ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਵਿਕਟੋਰੀਆ ਦੇ ਡਿਪਟੀ ਪ੍ਰੀਮੀਅਰ ਜੇਮਜ਼ ਮਰਲਿਨੋ ਨੇ ਕਿਹਾ ਕਿ ਸੂਬਾ ਕੌਮਾਂਤਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਸੰਘੀ ਸਰਕਾਰ ਨਾਲ ਰਾਬਤੇ ਵਿੱਚ ਹੈ ਪਰ ਇਸ ਬਾਰੇ ਕੋਈ ਸਮਾਂ-ਸੀਮਾ ਇਸ ਸਮੇਂ ਨਹੀਂ ਦਿੱਤੀ ਜਾ ਸਕਦੀ।

Education Loan Information:

Calculate Education Loan EMI