ਚੰਡੀਗੜ੍ਹ: ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦਾ ਅਸਰ ਹਰ ਸੈਕਟਰ ‘ਚ ਹੋ ਰਿਹਾ ਹੈ। ਇਸ ਦਾ ਸਿੱਧਾ ਅਸਰ ਚੌਲ ਦੀ ਬਰਾਮਦ ਉੱਤੇ ਵੀ ਪਿਆ ਹੈ। ਚੌਲਾਂ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ‘ਚ 10% ਘਟੀਆਂ ਹਨ। ਇਸ ਦਾ ਸਿੱਧਾ ਅਸਰ ਕਿਸਾਨਾਂ 'ਤੇ ਪੈ ਸਕਦਾ ਹੈ ਕਿਉਂਕਿ ਬਾਸਮਤੀ ਚੌਲ ਖੁੱਲ੍ਹੀ ਮੰਡੀ ਵਿੱਚ ਵਿਕਦੇ ਹਨ। ਇਸ ਲਈ ਅਗਲੇ ਸੀਜ਼ਨ ਇਸ ਦਾ ਭਾਅ ਘੱਟ ਰਹਿ ਸਕਦਾ ਹੈ।


ਬਾਜ਼ਾਰ ‘ਚ ਕੋਈ ਨਵਾਂ ਕੰਮ ਵੀ ਨਹੀਂ ਹੋ ਰਿਹਾ। ਘਰੇਲੂ ਬਜ਼ਾਰ ‘ਚ ਵੀ ਚੌਲਾਂ ਦੀ ਗਿਰਾਵਟ ਹੈ। ਹਰ ਸਾਲ 44 ਲੱਖ ਟਨ ਭਾਰਤ ਤੋਂ ਨਿਰਯਾਤ ਕੀਤਾ ਜਾਂਦਾ ਹੈ। ਫਰਵਰੀ ਦੇ ਆਖਰੀ ਹਫ਼ਤੇ ਤੱਕ ਚਾਵਲ ਦੀ ਚੰਗੀ ਮੰਗ ਸੀ ਪਰ ਇਸ ਦੀ ਮੰਗ ਮਾਰਚ ਵਿੱਚ ਘੱਟ ਗਈ ਹੈ। ਦੇਸ਼ ਦੇ ਚੌਲ ਬਰਾਮਦ ਕਰਨ ਵਾਲੇ ਸਿੱਧੇ ਤੌਰ 'ਤੇ ਨੁਕਸਾਨ ਝੱਲ ਰਹੇ ਹਨ। ਮੰਡੀਆਂ ‘ਚ ਆਉਣ ਵਾਲੇ ਝੋਨੇ ਦੀ ਕੀਮਤਾਂ ‘ਚ ਵੀ ਕਮੀ ਆਈ ਹੈ। ਹਰਿਆਣਾ, ਪੰਜਾਬ ਤੇ ਦਿੱਲੀ ਯੂਰਪ ਤੇ ਅਰਬ ਦੇ ਦੇਸ਼ਾਂ ਨੂੰ ਚੌਲਾਂ ਦੀ ਬਰਾਮਦ ਕਰਦੇ ਹਨ। ਸਭ ਤੋਂ ਜ਼ਿਆਦਾ ਚੌਲ ਇਰਾਨ ‘ਚ ਜਾਂਦਾ ਹੈ। ਇਰਾਨ ‘ਚ ਸਭ ਤੋਂ ਵੱਧ 1121 ਚੌਲ ਦੀ ਮੰਗ ਹੈ ਪਰ ਸਭ ਬੰਦ ਹੋਣ ਨਾਲ ਚੌਲਾਂ ਦੀ ਬਰਾਮਦ ਘੱਟ ਗਈ।

ਇੱਕ ਮਹੀਨਾ ਪਹਿਲਾਂ 1121 ਚੌਲ ਦਾ ਰੇਟ 56 ਰੁਪਏ ਪ੍ਰਤੀ ਕਿੱਲੋ ਸੀ ਪਰ ਹੁਣ ਇਹ 46 ਰੁਪਏ 'ਤੇ ਆ ਗਿਆ ਹੈ। ਬਾਸਮਤੀ ਚੌਲਾਂ ਦੇ ਰੇਟ ਵੀ ਪੰਜ ਤੋਂ ਛੇ ਰੁਪਏ ਘੱਟ ਗਈ ਹੈ। ਬਾਸਮਤੀ 1401 ਦਾ ਰੇਟ 20 ਦਿਨ ਪਹਿਲਾਂ 52 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਪਰ ਹੁਣ ਇਹ 46 ਤੋਂ 47 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਯੂਰਪ ‘ਚ 1121 ਵਧੇਰੇ ਤੇ ਬਾਸਮਤੀ ਚੌਲ ਵਧੇਰੇ ਨਿਰਯਾਤ ਕੀਤੇ ਜਾਂਦੇ ਹਨ।

15 ਦਿਨਾਂ ਤੋਂ ਨਹੀਂ ਹੋਏ ਨਵੇਂ ਸੌਦੇ:

ਪਿਛਲੇ 15 ਦਿਨਾਂ ਤੋਂ ਚਾਵਲ ਦੇ ਕੋਈ ਨਵੇਂ ਸੌਦੇ ਨਹੀਂ ਹੋਏ। ਨਵੇਂ ਸੌਦੇ ਨਾ ਹੋਣ ਕਾਰਨ ਚੌਲਾਂ ਦਾ ਕਾਰੋਬਾਰ ਠੱਪ ਹੋ ਰਿਹਾ ਹੈ। ਘਰੇਲੂ ਬਜ਼ਾਰ ‘ਚ ਵੀ ਚਾਵਲ ਦੀ ਘੱਟ ਮੰਗ ਹੈ। ਇਸ ਕਾਰਨ ਪੀਆਰ ਚੌਲਾਂ ਦੇ ਰੇਟ ਵੀ ਘੱਟ ਗਏ ਹਨ।