ਪਵਨਪ੍ਰੀਤ ਕੌਰ
ਚੰਡੀਗੜ੍ਹ: ਕੋਰੋਨਾਵਾਇਰਸ ਦੀ ਦਹਿਸ਼ਤ ਇੰਨੀ ਫੈਲ ਚੁੱਕੀ ਹੈ ਕਿ ਲੋਕ ਆਪਣੇ ਦੇਸ਼ ਪਰਤਣਾ ਹੀ ਠੀਕ ਸਮਝ ਰਹੇ ਹਨ। ਇਸ ਦਰਮਿਆਨ ਏਅਰ ਏਸ਼ੀਆ ਦੀ ਫਲਾਈਟ ‘ਚ ਸ਼ਨੀਵਾਰ ਰਾਤ ਇੱਕ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ। ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚੀ ਇਸ ਉਡਾਣ ‘ਚ ਹੁਕਮ ਸਿੰਘ ਨਾਂ ਦੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਪੰਜ ਮਹੀਨੇ ਪਹਿਲਾਂ ਹੀ ਉਹ ਮਲੇਸ਼ੀਆ ਗਿਆ ਸੀ।


ਡਾਕਟਰਾਂ ਮੁਤਾਬਕ ਮ੍ਰਿਤਕ ਦੀ ਮੈਡੀਕਲ ਹਿਸਟਰੀ ਤੋਂ ਇਹ ਸਪਸ਼ਟ ਹੈ ਕਿ ਹੁਕਮ ਸਿੰਘ ਨੂੰ ਫੇਫੜਿਆਂ ਤੇ ਕਿਡਨੀ ਦਾ ਸੰਕਰਮਣ ਸੀ। ਇਹ ਹੀ ਬਿਮਾਰੀ ਉਸ ਦੀ ਮੌਤ ਦੀ ਵਜ੍ਹਾ ਬਣੀ ਹੈ। ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਉਹ ਕੋਰੋਨਾਵਾਇਰਸ ਨਾਲ ਸੰਕਰਮਿਤ ਸੀ। ਫਿਲਹਾਲ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਉੱਥੇ ਹੀ ਹੁਕਮ ਸਿੰਘ ਦੇ ਗੁਆਂਢੀ ਨੇ ਦੱਸਿਆ ਕਿ ਉਸ ਨੂੰ ਤਿੰਨ-ਚਾਰ ਸਾਲ ਤੋਂ ਕਾਲਾ ਪੀਲੀਆ ਤੇ ਸ਼ੂਗਰ ਸੀ। ਬੇਸ਼ੱਕ ਹੁਕਮ ਸਿੰਘ ਦੀ ਮੌਤ ਦੇ ਕੁਝ ਵੀ ਕਾਰਨ ਹੋਣ ਪਰ ਉਸ ਦੀ ਮੌਤ ਕੋਰੋਨਾਵਾਇਰਸ ਦੀ ਦਹਿਸ਼ਤ ਕਰਕੇ ਹੋਈ ਹੈ।



ਦੋ ਦਿਨ ਪਹਿਲਾਂ ਹੀ ਉਸ ਨੇ ਵੀਡੀਓ ਕਾਲ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਸ ਦੀ ਸਿਹਤ ਖਰਾਬ ਹੈ, ਇਸ ਲਈ ਉਹ ਪਿੰਡ ਵਾਪਸ ਆ ਰਿਹਾ ਹੈ। ਉੱਧਰ ਜਰਮਨੀ ਤੋਂ ਅੰਮ੍ਰਿਤਸਰ ਆਏ ਦੋ ਲੋਕਾਂ ਨੂੰ ਖੰਘ-ਜ਼ੁਕਾਮ ਹੋਣ ਕਾਰਨ ਗੁਰੁ ਨਾਨਕ ਦੇਵ ਸਿਵਲ ਹਸਪਤਾਲ ਸਥਿਤ ਆਈਸੋਲੇਸ਼ਨ ਵਾਰਡ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ‘ਚੋਂ ਇੱਕ ਗੁਰਦਾਸਪੁਰ ਦਾ ਹੈ, ਜਦਕਿ ਦੂਸਰਾ ਅੰਮ੍ਰਿਤਸਰ ਦਾ ਹੈ। ਦੋਹਾਂ ਦੇ ਸੈਂਪਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ।