ਨਵੀਂ ਦਿੱਲੀ: ਦੇਸ਼ ‘ਚ ਖ਼ਤਰਨਾਕ ਕੋਰੋਨਾਵਾਇਰਸ ਦੇ ਖਾਤਮੇ ਲਈ ਲੌਕਡਾਊਨ ਕੀਤਾ ਗਿਆ ਹੈ, ਜਿਸ ਦਾ ਅੱਜ 18 ਵਾਂ ਦਿਨ ਹੈ। ਪਰ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹੁਣ ਤੱਕ 7529 ਸੰਕਰਮਿਤ ਮਰੀਜ਼ ਹੋ ਚੁੱਕੇ ਹਨ। ਇਨ੍ਹਾਂ ਚੋਂ 642 ਵਿਅਕਤੀ ਠੀਕ ਹੋਏ, ਜਦੋਂ ਕਿ 242 ਲੋਕਾਂ ਦੀ ਮੌਤ ਹੋ ਗਈ ਹੈ। ਮਹਾਰਾਸ਼ਟਰ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1800 ਨੂੰ ਪਾਰ ਹੋ ਗਈ ਹੈ। ਸੂਬੇ ‘ਚ ਹੁਣ ਤਕ 110 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ, ਭਾਰਤ ਨੇ COVID19 ਤੋਂ ਬਚਣ ਲਈ ਤਿਆਰੀਆਂ ਤੇਜ਼ ਕੀਤੀਆਂ ਹਨ। ਦੇਸ਼ ਵਿੱਚ ਕੋਵਿਡ -19 ਸਮਰਪਿਤ 586 ਹਸਪਤਾਲ ਅਤੇ 1 ਲੱਖ ਤੋਂ ਵੱਧ ਆਈਸੋਲੇਸ਼ਨ ਬੈੱਡ ਅਤੇ 11,500 ਆਈਸੀਯੂ ਬੈੱਡ ਹਨ। ਗ੍ਰਹਿ ਮੰਤਰਾਲੇ ਦੀ ਸੰਯੁਕਤ ਸੱਕਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਅੱਜ ਇੱਕ ਪੱਤਰ ਵਿੱਚ ਗ੍ਰਹਿ ਮੰਤਰਾਲੇ ਨੇ ਸੂਬਿਆਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਹੈ, ਜਿੱਥੇ ਉਹ ਹਸਪਤਾਲਾਂ ਅਤੇ ਕੁਆਰੰਟੀਨਜ਼ ਵਿੱਚ ਕੰਮ ਕਰ ਰਹੇ ਹਨ।

ਸਿਹਤ ਮੰਤਰਾਲੇ ਨੇ ਕਿਹਾ ਕਿ ਜੇਕਰ ਲੌਕਡਾਊਨ ਲਾਗੂ ਨਾ ਕੀਤਾ ਜਾਂਦਾ ਤਾਂ ਕੋਵਿਡ-19 ਦੇ ਕੇਸਾਂ ‘ਚ 41% ਦਾ ਵਾਧਾ ਹੋਣਾ ਸੀ, ਨਤੀਜੇ ਵਜੋਂ 15 ਅਪਰੈਲ ਤੱਕ 8.2 ਲੱਖ ਮਾਮਲੇ ਸਾਹਮਣੇ ਆਉਣੇ ਸੀ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਕੇਸਾਂ ਵਿੱਚ 1035 ਦਾ ਵਾਧਾ ਹੋਇਆ ਅਤੇ 40 ਮਰੀਜ਼ਾਂ ਦੀ ਮੌਤ ਹੋ ਗਈ ਹੈ।

ਜਾਣੋ ਕਿਹੜੇ ਸੂਬੇ ‘ਚ ਕਿੰਨੀਆਂ ਮੌਤਾਂ?

ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ ‘ਚ 110, ਗੁਜਰਾਤ ‘ਚ 19, ਮੱਧ ਪ੍ਰਦੇਸ਼ ਵਿੱਚ 33, ਪੰਜਾਬ ਵਿੱਚ 11, ਦਿੱਲੀ ਵਿੱਚ 14, ਤਾਮਿਲਨਾਡੂ ਵਿੱਚ 8, ਤੇਲੰਗਾਨਾ ਵਿੱਚ 9, ਆਂਧਰਾ ਪ੍ਰਦੇਸ਼ ਵਿੱਚ 6, ਕਰਨਾਟਕ ਵਿੱਚ 6, ਪੱਛਮੀ ਬੰਗਾਲ ਵਿੱਚ 5, ਜੰਮੂ- ਕਸ਼ਮੀਰ ਵਿਚ 4, ਉੱਤਰ ਪ੍ਰਦੇਸ਼ ਵਿਚ 4, ਹਰਿਆਣਾ ਵਿਚ 3, ਰਾਜਸਥਾਨ ਵਿਚ 3, ਕੇਰਲ ‘ਚ 2, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ‘ਚ ਇੱਕ-ਇੱਕ ਮਰੀਜ਼ ਦੀ ਮੌਤ ਹੋਈ ਹੈ।