Coronavirus Vaccination: ਸੋਮਵਾਰ ਨੂੰ ਦੇਸ਼ ਵਿੱਚ 88.13 ਲੱਖ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ। ਇਹ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਇੱਕ ਦਿਨ ਵਿੱਚ ਵੈਕਸੀਨੇਸ਼ਨ ਦੀ ਸਭ ਤੋਂ ਵੱਡੀ ਗਿਣਤੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਦੀ 46 ਪ੍ਰਤੀਸ਼ਤ ਬਾਲਗ ਆਬਾਦੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ 13 ਪ੍ਰਤੀਸ਼ਤ ਆਬਾਦੀ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ।


 


ਭਾਰਤ ਵਿੱਚ, ਕੋਰੋਨਾ ਵੈਕਸੀਨ ਦੀ ਸਭ ਤੋਂ ਵੱਧ ਖੁਰਾਕ ਸੋਮਵਾਰ ਨੂੰ ਇੱਕ ਹੀ ਦਿਨ 'ਚ ਦਿੱਤੀ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ, 16 ਅਗਸਤ ਨੂੰ ਟੀਕਾਕਰਨ ਮੁਹਿੰਮ ਦੇ ਤਹਿਤ 88 ਲੱਖ 13 ਹਜ਼ਾਰ 919 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਪਹਿਲੀ ਅਤੇ ਦੂਜੀ ਖੁਰਾਕ ਸ਼ਾਮਲ ਹੈ। ਇਸ ਦੇ ਨਾਲ, ਭਾਰਤ ਦਾ ਟੀਕਾਕਰਣ ਕਵਰੇਜ ਵਧ ਕੇ 55,47,30,609 ਹੋ ਗਿਆ ਹੈ, ਜਿਸ ਵਿੱਚੋਂ 43,11,94,809 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ 12,35,35,800 ਲੋਕਾਂ ਨੂੰ ਦੋਵੇਂ ਦਿੱਤੇ ਗਏ ਹਨ।


 


ਜੇਕਰ ਅਸੀਂ 17 ਅਗਸਤ ਨੂੰ ਸਵੇਰੇ 9 ਵਜੇ ਤੱਕ ਉਮਰ ਸਮੂਹ ਦੇ ਅਨੁਸਾਰ ਟੀਕਾਕਰਣ 'ਤੇ ਨਜ਼ਰ ਮਾਰੀਏ ਤਾਂ 60 ਸਾਲ ਤੋਂ ਵੱਧ ਉਮਰ ਦੇ 22.4 ਪ੍ਰਤੀਸ਼ਤ, 45-60 ਉਮਰ ਦੇ 32 ਪ੍ਰਤੀਸ਼ਤ ਅਤੇ 18-44 ਉਮਰ ਸਮੂਹ ਦੇ 45.6 ਪ੍ਰਤੀਸ਼ਤ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ।


 


ਭਾਰਤ ਵਿੱਚ ਕੋਰੋਨਾ ਲਾਗ (Coronavirus) ਦੇ ਮਾਮਲਿਆਂ ਵਿੱਚ ਅਚਾਨਕ ਵੱਡੀ ਗਿਰਾਵਟ ਆਈ ਹੈ। ਪੰਜ ਮਹੀਨਿਆਂ ਬਾਅਦ ਕੋਰੋਨਾ (Corona Cases) ਦੇ ਸਭ ਤੋਂ ਘੱਟ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਨੂੰ ਮੰਗਲਵਾਰ ਸਵੇਰੇ ਜਾਰੀ ਕੀਤਾ ਗਿਆ। ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 25,166 ਨਵੇਂ ਕੋਰੋਨਾ ਮਾਮਲੇ ਆਏ ਹਨ ਤੇ 437 ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆਈ ਹੈ।


 


ਦੱਸ ਦਈਏ ਕਿ ਇਸ ਤੋਂ ਪਹਿਲਾਂ 15 ਮਾਰਚ ਨੂੰ 24,492 ਮਾਮਲੇ ਸਾਹਮਣੇ ਆਏ ਸੀ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ 36,830 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ, ਯਾਨੀ ਕੱਲ੍ਹ 12,101 ਐਕਟਿਵ ਮਾਮਲਿਆਂ ਵਿੱਚ ਕਮੀ ਆਈ ਹੈ।


 


ਕੋਰੋਨਾ ਦੀ ਲਾਗ ਦੇ ਕੁੱਲ ਮਾਮਲੇ


ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ ਤਿੰਨ ਕਰੋੜ 22 ਲੱਖ 50 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 4 ਲੱਖ 32 ਹਜ਼ਾਰ 79 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 14 ਲੱਖ 48 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਚਾਰ ਲੱਖ ਤੋਂ ਘੱਟ ਹੈ। ਕੁੱਲ 3 ਲੱਖ 69 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।