ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕੋਵਿਡ-19 ਮਹਾਮਾਰੀ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ, ਇਸੇ ਲਈ ਸਮੁੱਚੇ ਵਿਸ਼ਵ ਨੂੰ ਇਸ ਵੇਲੇ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਨੇ ਵੀ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ਲਾਈ ਹੋਈ ਹੈ। ਸਿਰਫ਼ ਉਨ੍ਹਾਂ ਦੇਸ਼ਾਂ ਨਾਲ ਹੀ ਇਸ ਵੇਲੇ ਹਵਾਈ ਸੰਪਰਕ ਚੱਲ ਰਿਹਾ ਹੈ, ਜਿਨ੍ਹਾਂ ਨਾਲ ਭਾਰਤ ਦਾ ‘ਬੱਬਲ ਸਮਝੌਤਾ’ (Bubble Agreement) ਹੈ।



 

ਕੁਝ ਦੇਸ਼ਾਂ ਨੇ ਕੋਵਿਡ-19 ਦੀਆਂ ਪ੍ਰੋਟੋਕੋਲ ਪਾਬੰਦੀਆਂ ਵਿੱਚ ਥੋੜ੍ਹੀ ਢਿੱਲ ਜ਼ਰੂਰ ਦਿੱਤੀ ਹੈ ਤੇ ਕੁਝ ਦੇਸ਼ਾਂ ਨੇ ਤਾਂ ਸਗੋਂ ਪਾਬੰਦੀਆ ਵਿੱਚ ਹੋਰ ਵੀ ਸਖ਼ਤੀ ਕਰ ਦਿੱਤੀ ਹੈ। ਜਿਵੇਂ ਇਸ ਵੇਲੇ ਭਾਰਤ ’ਚ ਮੌਜੂਦ ਦੁਬਈ ਦੇ ਨਿਵਾਸੀ ਜੇ ਆਪਣੇ ਦੇਸ਼ ਪਰਤਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ‘ਜਨਰਲ ਡਾਇਰੈਕਟੋਰੇਟ ਆਫ਼ ਰੈਜ਼ੀਡੈਂਸੀ ਐਂਡ ਫ਼ੌਰਨਰਜ਼ ਅਫ਼ੇਅਰਜ਼’ (GDRFA) ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਅਤੇ ਇਸ ਦੇ ਨਾਲ ਹੀ ਕੋਵਿਡ-19 ਦੀ ਨੈਗੇਟਿਵ ਰਿਪੋਰਟ ਵੀ ਪੇਸ਼ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਦੁਬਈ ਜਾਣ ਦੇ ਇੱਛੁਕ ਭਾਰਤੀ ਯਾਤਰੀਆਂ ਨੂੰ ਆਪਣੀ ਰਵਾਨਗੀ ਤੋਂ ਸਿਰਫ਼ ਛੇ ਘੰਟੇ ਪਹਿਲਾਂ ਦੀ RT-PCR ਟੈਸਟ ਰਿਪੋਰਟ ਪੇਸ਼ ਕਰਨੀ ਹੋਵੇਗੀ।

 

ਭਾਰਤ ਦਾ 28 ਦੇਸ਼ਾਂ ਨਾਲ ‘ਏਅਰ ਬੱਬਲ ਸਮਝੌਤਾ’ ਹੈ; ਜਿਨ੍ਹਾਂ ਵਿੱਚ ਅਫ਼ਗ਼ਾਨਿਸਤਾਨ, ਬਹਿਰੀਨ, ਬੰਗਲਾਦੇਸ਼, ਭੂਟਾਨ, ਕੈਨੇਡਾ, ਇਥੋਪੀਆ, ਫ਼ਰਾਂਸ, ਜਰਮਨੀ, ਇਰਾਕ, ਜਾਪਾਨ, ਕੀਨੀਆ, ਕੁਵੈਤ, ਮਾਲਦੀਵਜ਼, ਨੇਪਾਲ, ਨੀਦਰਲੈਂਡਜ਼, ਨਾਈਜੀਰੀਆ, ਓਮਾਨ, ਕਤਰ, ਰੂਸ, ਰਵਾਂਡਾ, ਸੇਸ਼ਲਜ਼, ਸ੍ਰੀ ਲੰਕਾ, ਤਨਜ਼ਾਨੀਆ, ਯੂਕਰੇਨ, ਸੰਯੁਕਤ ਅਰਬ ਅਮੀਰਾਤ (ਯੂਏਈ), ਇੰਗਲੈਂਡ, ਉਜ਼ਬੇਕਿਸਤਾਨ ਤੇ ਅਮਰੀਕਾ ਜਿਹੇ ਦੇਸ਼ ਸ਼ਾਮਲ ਹਨ।

 

ਭਾਰਤ ਦੇ ਕੁਝ ਅਜਿਹੇ ਮਿੱਤਰ ਦੇਸ਼ ਵੀ ਹਨ, ਜਿਹੜੇ ਭਾਰਤੀਆਂ ਦੇ ਪੁੱਜਣ ’ਤੇ ਉਨ੍ਹਾਂ ਨੂੰ 14 ਦਿਨਾਂ ਵਾਸਤੇ ਲਾਜ਼ਮੀ ਕੁਆਰੰਟੀਨ ਹੋਣ ਦੀ ਜ਼ਰੂਰਤ ਨਹੀਂ ਸਮਝਦੇ। ਉਹ ਹਨ: ਮਾਲਦੀਵਜ਼, ਦੱਖਣੀ ਅਫ਼ਰੀਕਾ, ਇਥੋਪੀਆ, ਮੌਜ਼ੰਬੀਕ, ਰੂਸ, ਵੈਨੇਜ਼ੁਏਲਾ, ਆਈਸਲੈਂਡ, ਮਾਲੀ, ਨਿਕਾਰਾਗੁਆ, ਕੋਸਟਾ ਰਿਕਾ, ਮਿਸਰ, ਕਿਰਗਿਜ਼ਸਤਾਨ।

 

ਭਾਰਤੀ ਸੈਲਾਨੀ ਹਾਲ ਦੀ ਘੜੀ ਸਿਰਫ਼ ਉਨ੍ਹਾਂ ਹੀ ਦੇਸ਼ਾਂ ’ਚ ਜਾ ਸਕਦੇ ਹਨ, ਜਿਨ੍ਹਾਂ ਨਾਲ ਭਾਰਤ ਦਾ ਦੁਵੱਲਾ ‘ਏਅਰ ਬੱਬਲ ਸਮਝੌਤਾ’ ਹੈ। ਬਹੁਤੇ ਦੇਸ਼ਾਂ ਨੇ ਭਾਰਤੀ ਯਾਤਰੀਆਂ ਲਈ ਰਵਾਨਗੀ ਤੋਂ 72 ਘੰਟੇ ਤੋਂ ਪਹਿਲਾਂ ਦੀ ਨੈਗੇਟਿਵ RT-PCR ਰਿਪੋਰਟ ਲਾਜ਼ਮੀ ਕੀਤੀ ਹੋਈ ਹੈ।

 

ਜੇ ਕੋਈ ਭਾਰਤੀ ਯਾਤਰੀ ਦੂਜੇ ਦੇਸ਼ ਜਾ ਕੇ ਕੋਵਿਡ-19 ਟੈਸਟ ਵਿੱਚ ਪੌਜ਼ਿਟਿਵ ਪਾਇਆ ਜਾਂਦਾ ਹੈ, ਤਾਂ ਉਸ ਨੂੰ ਕੁਆਰੰਟੀਨ ’ਚ ਰੱਖਿਆ ਜਾਵੇਗਾ। ਰੋਜ਼ਾਨਾ ‘ਦਿ ਮਿੰਟ’ ਦੀ ਰਿਪੋਰਟ ਅਨੁਸਾਰ ਜੇ ਕਿਸੇ ਭਾਰਤੀ ਹਵਾਈ ਯਾਤਰੀ ਨੇ ਕੋਵੀਸ਼ੀਲਡ ਕੋਵਿਡ-19 ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਈਆਂ ਹੋਈਆਂ ਹਨ, ਤਾਂ ਉਹ ‘ਗ੍ਰੀਨ ਪਾਸ ਸਕੀਮ’ (Green Pass Scheme) ਅਧੀਨ ਉਹ ਯੂਰੋਪੀ ਦੇ 16 ਦੇਸ਼ਾਂ ਦੀ ਯਾਤਰਾ ਕਰ ਸਕਦਾ ਹੈ। ਉਨ੍ਹਾਂ 16 ਦੇਸ਼ਾਂ ਦੀ ਸੂਚੀ ਇਸ ਪ੍ਰਕਾਰ ਹੈ: ਫ਼ਰਾਂਸ, ਆਸਟ੍ਰੀਆ, ਬੈਲਜੀਅਮ, ਬਲਗਾਰੀਆ, ਫ਼ਿਨਲੈਂਡ, ਜਰਮਨੀ, ਗ੍ਰੀਸ, ਹੰਗਰੀ, ਆਈਸਲੈਂਡ, ਆਇਰਲੈਂਡ, ਲਾਤਵੀਆ, ਨੀਦਰਲੈਂਡਜ਼, ਸਲੋਵੇਨੀਆ, ਸਪੇਨ, ਸਵੀਡਨ ਤੇ ਸਵਿਟਜ਼ਰਲੈਂਡ।

 

ਜਿਹੜੇ ਭਾਰਤੀ ਯਾਤਰੀ ਇੰਗਲੈਂਡ, ਕਤਰ, ਮੈਕਸੀਕੋ, ਤੁਰਕੀ, ਪਨਾਮਾ, ਬਹਿਰੀਨ, ਬਾਰਬਾਡੋਸ ਤੇ ਰਵਾਂਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉੱਥੇ ਪੁੱਜ ਕੇ ਲਾਜ਼ਮੀ ਤੌਰ ’ਤੇ ਕੁਆਰੰਟੀਨ ’ਚ ਰਹਿਣਾ ਹੋਵੇਗਾ।