ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਨੂੰ ਬਹੁਮਤ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਸੀਨੀਅਰ ਕਾਂਗਰਸੀ ਲੀਡਰ ਦਿੱਗਵਿਜੇ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਭਾਜਪਾ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਛੱਡ ਦੇਣਾ ਚਾਹੀਦਾ ਹੈ ਤੇ ਆਰਜੇਡੀ ਦੇ ਨੌਜਵਾਨ ਲੀਡਰ ਤੇਜਸਵੀ ਯਾਦਵ ਨੂੰ ਅਸ਼ੀਰਵਾਦ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਨਿਤੀਸ਼ ਨੂੰ ਕਿਹਾ ਕਿ ਉਹ ਜਿਹੜੇ ਸਮਾਜਵਾਦੀ ਧਰਮ ਨਿਰਪੱਖ ਵਿਚਾਰਧਾਰਾ ਨੂੰ ਮੰਨਦੇ ਹਨ, ਉਨ੍ਹਾਂ ਨੂੰ ਏਕਤਾ ਵਿੱਚ ਲਿਆਉਣ ਵਿੱਚ ਸਹਾਇਤਾ ਕਰਨ ਕਿਉਂਕਿ ਅਜਿਹਾ ਕਰਨਾ ਮਹਾਤਮਾ ਗਾਂਧੀ ਤੇ ਜੈਪ੍ਰਕਾਸ਼ ਨਾਰਾਇਣ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।


ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਟਵੀਟ ਕੀਤਾ, "ਭਾਜਪਾ/ਸੰਘ ਅਮਰਬੇਲ ਵਰਗਾ ਹੈ, ਜਿਸ ਰੁੱਖ 'ਤੇ ਲਿਪਟ ਜਾਂਦਾ ਹੈ ਉਹ ਸੁੱਕ ਜਾਂਦਾ ਹੈ ਪਰ ਉਹ ਖ਼ੁਦ ਵਧਦਾ-ਫੁੱਲਦਾ ਰਹਿੰਦਾ ਹੈ। ਨਿਤੀਸ਼ ਜੀ, ਲਾਲੂ ਜੀ ਨੇ ਤੁਹਾਡੇ ਨਾਲ ਸੰਘਰਸ਼ ਕੀਤਾ, ਅੰਦੋਲਨਾਂ 'ਚ ਜੇਲ ਗਏ। ਬੀਜੇਪੀ/ਸੰਘ ਦੀ ਵਿਚਾਰਧਾਰਾ ਨੂੰ ਛੱਡੋ ਅਤੇ ਤੇਜਸਵੀ ਨੂੰ ਅਸ਼ੀਰਵਾਦ ਦਿਓ। ਇਸ ਭਾਜਪਾ/ਸੰਘ ਦੇ ਰੂਪ 'ਚ 'ਅਮਰਬੇਲ' ਨੂੰ ਬਿਹਾਰ 'ਚ ਨਾ ਵਧਣ ਦਿਓ।''




ਦਿਗਵਿਜੇ ਨੇ ਬਿਹਾਰ ਦੇ ਮੁੱਖ ਮੰਤਰੀ ਨੂੰ ਇਹ ਅਪੀਲ ਵੀ ਕੀਤੀ, “ਨਿਤੀਸ਼ ਜੀ, ਬਿਹਾਰ ਤੁਹਾਡੇ ਲਈ ਛੋਟਾ ਹੋ ਗਿਆ ਹੈ, ਤੁਹਾਨੂੰ ਭਾਰਤ ਦੀ ਰਾਜਨੀਤੀ 'ਚ ਸ਼ਾਮਲ ਹੋਣਾ ਚਾਹੀਦਾ ਹੈ। "ਵੰਡੋ ਤੇ ਰਾਜ ਕਰੋ" ਦੀ ਸੰਘ ਦੀ ਨੀਤੀ ਨੂੰ ਪ੍ਰਫੁੱਲਤ ਨਾ ਹੋਣ ਦਿਓ, ਉਨ੍ਹਾਂ ਸਾਰਿਆਂ ਦੀ ਮਦਦ ਕਰੋ ਜੋ ਸਮਾਜਵਾਦੀ ਧਰਮ ਨਿਰਪੱਖ ਵਿਚਾਰਧਾਰਾ ਨੂੰ ਮੰਨਦੇ ਹਨ। ਵਿਚਾਰ ਕਰੋ।"




ਸਿੰਘ ਨੇ ਕਿਹਾ, "ਇਹ ਮਹਾਤਮਾ ਗਾਂਧੀ ਜੀ ਤੇ ਜੈਪ੍ਰਕਾਸ਼ ਨਾਰਾਇਣ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਤੁਸੀਂ ਇਕ ਰਾਜਨੇਤਾ ਹੋ ਜੋ ਉਨ੍ਹਾਂ ਦੀ ਵਿਰਾਸਤ 'ਚੋਂ ਪੈਦਾ ਹੋਇਆ ਹੈ, ਉਥੇ ਆ ਜਾਓ। ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ, ਜਨਤਾ ਪਾਰਟੀ ਸੰਘ ਦੀ ਦੋਹਰੀ ਮੈਂਬਰਸ਼ਿਪ ਦੇ ਅਧਾਰ 'ਤੇ ਟੁੱਟ ਗਈ ਸੀ। ਭਾਜਪਾ/ਸੰਘ ਨੂੰ ਛੱਡੋ। ਦੇਸ਼ ਨੂੰ ਬਰਬਾਦ ਹੋਣ ਤੋਂ ਬਚਾਓ।"