ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਤਲਾਕਸ਼ੁਦਾ ਪਤੀ-ਪਤਨੀ ਨੇ ਬੱਚਿਆਂ ਦੀ ਕਸਟਡੀ ਮੰਗੀ ਤਾਂ ਜੱਜ ਨੇ ਕਮਾਲ ਦਾ ਫੈਸਲਾ ਸੁਣਾ ਦਿੱਤਾ। ਇਸ ਕੇਸ ਦਾ ਕਾਫੀ ਚਰਚਾ ਹੋ ਰਹੀ ਹੈ। ਲਾਹੌਰ ਹਾਈਕੋਰਟ ਨੇ ਤਲਾਕਸ਼ੁਦਾ ਜੋੜੇ ਨੂੰ ਬੱਚਿਆਂ ਦੀ ਕਸਟਡੀ ਲਈ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਨਿਰਦੇਸ਼ ਦਿੱਤਾ ਹੈ ਕਿ ਦੋਵਾਂ ਨੂੰ ਕਾਨੂੰਨੀ ਲੜਾਈ ਲੜਨ ਦੀ ਬਜਾਏ ਜਿੰਨੀ ਜਲਦੀ ਹੋ ਸਕੇ ਆਪਣੀ ਧੀ ਦਾ ਵਿਆਹ ਕਰਨਾ ਚਾਹੀਦਾ ਹੈ।
ਲਾਹੌਰ ਹਾਈਕੋਰਟ ਦੇ ਜੱਜ ਫਾਰੂਕ ਹੈਦਰ ਨੇ ਵੀ ਲੜਕੀ ਦੇ ਪਿਤਾ ਨੂੰ ਵੱਖਰੇ ਮਕਾਨ ਦਾ ਇੰਤਜ਼ਾਮ ਕਰਨ ਦਾ ਆਦੇਸ਼ ਦਿੱਤਾ ਹੈ, ਜਿੱਥੇ ਲੜਕੀ ਤੇ ਉਸ ਦਾ ਭਰਾ ਰਹਿਣਗੇ ਤੇ ਤਲਾਕਸ਼ੁਦਾ ਜੋੜਾ ਉੱਥੇ ਜਾ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ। ਰਿਪੋਰਟ ਦੇ ਅਨੁਸਾਰ, ਲਾਹੌਰ ਹਾਈਕੋਰਟ ਵਿੱਚ ਇੱਕ ਤਲਾਕਸ਼ੁਦਾ ਮਹਿਲਾ ਨੇ ਪਟੀਸ਼ਨ ਦਾਇਰ ਕਰਕੇ ਅਪੀਲ ਕੀਤੀ ਸੀ ਕਿ ਉਸ ਨੂੰ ਉਸ ਦੇ ਬੱਚਿਆਂ ਦੀ ਕਸਟਡੀ ਦਿੱਤੀ ਜਾਵੇ, ਕਿਉਂਕਿ ਉਸ ਦੇ ਦੋਵੇਂ ਬੱਚੇ ਆਪਣੇ ਪਿਤਾ ਤੇ ਮਤਰੇਈ ਮਾਂ ਤੋਂ ਖੁਸ਼ ਨਹੀਂ। ਤਲਾਕ ਤੋਂ ਬਾਅਦ ਜੋੜੇ ਨੇ ਦੁਬਾਰਾ ਵਿਆਹ ਕਰਵਾ ਲਿਆ ਸੀ।
ਜੱਜ ਪਟੀਸ਼ਨਰ ਦੇ ਵਕੀਲ ਦੇ ਸੁਝਾਵਾਂ ਨਾਲ ਹੋਇਆ ਸਹਿਮਤ
ਕੇਸ ਦੇ ਆਦੇਸ਼ ਤੋਂ ਪਹਿਲਾਂ ਜੱਜ ਨੇ ਆਪਣੀ ਪਿਛਲੀ ਸੁਣਵਾਈ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਨੂੰ ਪੁੱਛਿਆ ਸੀ ਕਿ ਉਹ ਕਿਸ ਕਾਨੂੰਨ ਦੇ ਅਧਾਰ ਤੇ ਇੱਕ ਜਵਾਨ ਲੜਕੀ ਨੂੰ "ਗੈਰ ਮਹਿਰਮ" ਨਾਲ ਰਹਿਣ ਲਈ ਭੇਜ ਸਕਦਾ ਹੈ ਜਿਸ ਨਾਲ ਉਸ ਦੀ ਮਾਂ ਨੇ ਵਿਆਹ ਕੀਤਾ ਸੀ।
ਇਸ 'ਤੇ, ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਕਿਉਂਕਿ ਲੜਕੀ ਦੇ ਵਿਆਹ ਦੌਰਾਨ ਬਹੁਤ ਸਾਰੇ ਸਮਾਜਕ ਸਵਾਲ ਖੜ੍ਹੇ ਹੋ ਸਕਦੇ ਹਨ, ਇਸ ਲਈ ਬਚਾਓ ਪੱਖ ਨੂੰ ਆਪਣੇ ਦੋਵਾਂ ਬੱਚਿਆਂ ਦੀ ਖ਼ਾਤਰ ਵੱਖਰੇ ਘਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਜਿੱਥੇ ਤਲਾਕਸ਼ੁਦਾ ਜੋੜਾ ਉਨ੍ਹਾਂ ਕੋਲ ਜਾ ਸਕਦਾ ਹੈ ਤੇ ਬੱਚਿਆਂ ਨੂੰ ਵੀ ਮਿਲ ਸਕਦਾ ਹੈ। ਇਸ ਤੋਂ ਬਾਅਦ ਜੱਜ ਫਾਰੂਕ ਹੈਦਰ ਨੇ ਕੇਸ ਦੀ ਸੁਣਵਾਈ ਕਰਦਿਆਂ ਪਟੀਸ਼ਨਰ ਦੇ ਵਕੀਲ ਦੇ ਸੁਝਾਵਾਂ ਦੀ ਪ੍ਰਸ਼ੰਸਾ ਕੀਤੀ ਤੇ ਸਹਿਮਤੀ ਵੀ ਦਿੱਤੀ।
ਲੜਕੀ ਨੇ ਅਦਾਲਤ ਵਿੱਚ ਖੁਦਕੁਸ਼ੀ ਕਰਨ ਦੀ ਗੱਲ ਕਹੀ ਸੀ
ਇਸ ਮਾਮਲੇ ਵਿਚ ਅੰਤਮ ਸੁਣਵਾਈ ਸ਼ੁੱਕਰਵਾਰ ਨੂੰ ਹੋਈ। ਜੱਜ ਨੇ ਫੈਸਲਾ ਸੁਣਾਉਣ ਤੋਂ ਪਹਿਲਾਂ ਲੜਕੀ ਨੇ ਅਦਾਲਤ ਵਿੱਚ ਚੀਕ ਕੇ ਕਿਹਾ, “ਜੇ ਅਦਾਲਤ ਮੈਨੂੰ ਆਪਣੀ ਮਾਂ ਨਾਲ ਰਹਿਣ ਨਹੀਂ ਦੇਵੇਗੀ ਤਾਂ ਮੈਂ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਵਾਂਗੀ, ਲੜਕੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਤਣਾਅ ਵਿੱਚ ਹੈ ਤੇ ਉਸ ਦੀ ਮਤਰੇਈ ਮਾਂ ਉਸ ਨਾਲ ਬਦਸਲੂਕੀ ਕਰਦੀ ਹੈ।”
ਜੱਜ ਨੇ ਪਟੀਸ਼ਨ ਦਾ ਨਿਪਟਾਰਾ ਕੀਤਾ
ਰਿਪੋਰਟ ਅਨੁਸਾਰ ਜਸਟਿਸ ਫਾਰੂਕ ਹੈਦਰ ਨੇ ਲੜਕੀ ਦੇ ਪਿਤਾ ਨੂੰ ਕਿਹਾ, “ਮੁਕੱਦਮੇਬਾਜ਼ੀ ਤੋਂ ਛੁਟਕਾਰਾ ਪਾਓ। ਇਹ ਲੜਕੀ ਦੇ ਭਵਿੱਖ ਲਈ ਵਧੀਆ ਨਹੀਂ। ਉਹ ਤੁਹਾਡੀ ਧੀ ਹੈ, ਉਸ ਦਾ ਖਿਆਲ ਰੱਖੋ। ਇਹ ਸੋਚਣ ਦਾ ਸਮਾਂ ਆ ਗਿਆ ਹੈ ਕਿ ਤੁਹਾਡੀ ਧੀ ਆਪਣੇ ਆਪ ਨੂੰ ਅਦਾਲਤ ਵਿੱਚ ਦੱਸ ਰਹੀ ਹੈ ਕਿ ਉਹ ਤਣਾਅ ਵਿਚ ਹੈ ਤੇ ਆਤਮ ਹੱਤਿਆ ਕਰ ਸਕਦੀ ਹੈ। ਜੇ ਉਹ ਅਜਿਹਾ ਕਰਦੀ ਹੈ ਤਾਂ ਜ਼ਿੰਮੇਵਾਰ ਕੌਣ ਹੋਵੇਗਾ? ” ਇਸ ਤੋਂ ਬਾਅਦ ਜੱਜ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।