ਨਿਊਯਾਰਕ: ਅਮਰੀਕਾ 'ਚ ਪਿਛਲੇ ਸਾਲ ਮਤਲਬ 2020 'ਚ ਕੋਰੋਨਾ ਮਹਾਂਮਾਰੀ ਵਿਚਾਲੇ ਡਰੱਗਸ ਦੀ ਓਵਰਡੋਜ਼ ਕਾਰਨ ਰਿਕਾਰਡ 93,000 ਲੋਕਾਂ ਦੀ ਮੌਤ ਹੋਈ ਸੀ। ਅਮਰੀਕੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਮੌਤਾਂ ਸਬੰਧੀ ਓਵਰਡੋਜ਼ ਦੇ ਮਾਮਲਿਆਂ 'ਤੇ ਨੇੜੀਓਂ ਨਜ਼ਰ ਰੱਖਣ ਵਾਲੇ ਬ੍ਰਾਂਡਨ ਮਾਰਸ਼ਲ ਨੇ ਕਿਹਾ ਕਿ ਇਹ ਮੌਤਾਂ ਦਾ ਬਹੁਤ ਵੱਡਾ ਅੰਕੜਾ ਹੈ। ਬ੍ਰਾਂਡਨ ਮਾਰਸ਼ਲ ਬ੍ਰਾਊਨ ਯੂਨੀਵਰਸਿਟੀ 'ਚ ਜਨਤਕ ਸਿਹਤ ਦੇ ਰਿਸਰਚਰ ਹਨ।


ਪਿਛਲੇ ਸਾਲ ਮਤਲਬ ਸਾਲ 2019 ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਉਸ ਸਮੇਂ ਦੌਰਾਨ 72,000 ਤੋਂ ਵੱਧ ਲੋਕਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਬ੍ਰਾਂਡਨ ਮਾਰਸ਼ਲ ਨੇ ਕਿਹਾ ਕਿ ਦੇਸ਼ ਪਹਿਲਾਂ ਹੀ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਨਾਲ ਜੂਝ ਰਿਹਾ ਹੈ, ਪਰ ਕੋਰੋਨਾ ਦੇ ਹਾਲਾਤ ਹੋਰ ਵਿਗਾੜ ਦਿੱਤੇ ਹਨ।

ਨਸ਼ੇ ਓਵਰਡੋਜ਼ ਕਾਰਨ ਹੋਈਆਂ ਮੌਤਾਂ 'ਚ ਹੋਏ ਵਾਧੇ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਲੌਕਡਾਊਨ ਅਤੇ ਕੋਰੋਨਾ ਮਹਾਂਮਾਰੀ ਨਾਲ ਜੁੜੀਆਂ ਹੋਰ ਕਈ ਪਾਬੰਦੀਆਂ ਕਾਰਨ ਲੋਕ ਨਸ਼ਿਆਂ ਨਾਲ ਜੂਝ ਰਹੇ ਹਨ ਤੇ ਲੋਕ ਅਜਿਹੇ ਸਮੇਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ। ਅਜਿਹੀ ਸਥਿਤੀ 'ਚ ਨਸ਼ਾ ਕਰਨ ਵਾਲੇ ਆਪਣਾ ਇਲਾਜ ਕਰਵਾਉਣ ਦੇ ਕਾਬਲ ਨਹੀਂ ਹੁੰਦੇ।

ਓਵਰਡੋਜ਼ ਖਤਰਨਾਕ
ਦੱਸ ਦੇਈਏ ਕਿ ਇਕ ਸਮਾਂ ਸੀ ਜਦੋਂ ਅਮਰੀਕਾ ਵਿੱਚ ਜ਼ਿਆਦਾਤਰ ਮੌਤਾਂ ਪੇਨ ਕਿੱਲਰ ਲੈਣ ਕਾਰਨ ਹੁੰਦੀਆਂ ਸਨ। ਬਹੁਤ ਜ਼ਿਆਦਾ ਜਾਗਰੂਕਤਾ ਤੋਂ ਬਾਅਦ ਪੇਨ ਕਿੱਲਰ ਨਾਲ ਹੋਣ ਵਾਲੀਆਂ ਮੌਤਾਂ ਹੌਲੀ-ਹੌਲੀ ਘੱਟ ਗਈਆਂ, ਪਰ ਹੁਣ ਹੈਰੋਇਨ ਤੇ ਫੈਂਟਨਿਲ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ।

ਡਰੱਗਸ ਓਵਰਡੋਜ਼ ਬਾਰੇ ਅਧਿਐਨ ਕਰਨ ਵਾਲੇ ਸਿਰਾਕਸ ਯੂਨੀਵਰਸਿਟੀ 'ਚ ਸਮਾਜ ਸ਼ਾਸਤਰ ਦੇ ਐਸੋਸੀਏਟ ਪ੍ਰੋਫ਼ੈਸਰ ਸ਼ੈਨਨ ਮੋਨੈਟ ਨੇ ਕਿਹਾ, "ਓਵਰਡੋਜ਼ ਦੇ ਮਾਮਲਿਆਂ 'ਚ ਅਚਾਨਕ ਵਾਧਾ ਜ਼ਿਆਦਾਤਰ ਜ਼ਹਿਰੀਲੀ ਦਵਾਈਆਂ ਦੀ ਵਰਤੋਂ ਕਾਰਨ ਹੋ ਰਹੀ ਹੈ।"

ਪ੍ਰੋਫੈਸਰ ਮੋਨਤ ਨੇ ਕਿਹਾ ਕਿ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਮਰਨ ਵਾਲੇ ਕਿੰਨੇ ਅਮਰੀਕੀ ਨਾਗਰਿਕਾਂ ਨੇ ਪਿਛਲੇ ਸਾਲ ਤੋਂ ਨਸ਼ੇ ਲੈਣਾ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਸ਼ਾਇਦ ਪਹਿਲਾਂ ਹੀ ਨਸ਼ੇ ਦੀ ਲਪੇਟ ਵਿੱਚ ਆਏ ਲੋਕਾਂ ਕਾਰਨ ਹੋਇਆ ਹੈ।