ਫਿਰੋਜ਼ਪੁਰ: ਪਾਕਿਸਤਾਨ ਵੱਲੋਂ ਨਸ਼ੇ ਦੀ ਖੇਪ ਭਾਰਤ 'ਚ ਲਗਾਤਾਰ ਦਾਖਲ ਕਰਵਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਬਦਸਤੂਰ ਜਾਰੀ ਹਨ। ਇਸੇ ਕੜੀ ਦੇ ਤਹਿਤ ਅੱਜ ਇਕ ਵਾਰ ਫਿਰ ਪਾਕਿਸਤਾਨ ਤੋਂ ਤਸਕਰੀ ਹੋ ਕੇ ਭਾਰਤ 'ਚ ਪਹੁੰਚੀ ਕਰੀਬ 7 ਕਿਲੋ 110 ਗ੍ਰਾਮ ਹੈਰੋਇਨ ਬੀਐਸਐਫ ਅਤੇ ਨਾਰਕੋਟਿਕ ਸੈੱਲ ਫਿਰੋਜ਼ਪੁਰ ਨੇ ਬਰਾਮਦ ਕੀਤੀ ਹੈ। ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਸਾਢੇ 35 ਕਰੋੜ ਰੁਪਏ ਤੋਂ ਉਪਰ ਦੀ ਕੀਮਤ ਦੱਸੀ ਜਾ ਰਹੀ ਹੈ। 

 

ਸੀਨੀਅਰ ਕਪਤਾਨ ਪੁਲਿਸ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਸਕਰ ਹੈਰੋਇਨ ਦੀ ਖੇਪ ਲਿਜਾ ਕੇ ਨੌਜਵਾਨਾਂ ਨੂੰ ਵੇਚਦਾ ਹੈ, ਜਿਸ ਆਧਾਰ 'ਤੇ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਉਸ ਪਾਸੋਂ ਕਰੀਬ 7 ਕਿਲੋ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਐਸਐਸਪੀ ਨੇ ਦੱਸਿਆ ਕਿ ਦੋਸ਼ੀ ਨੂੰ ਹੈਰੋਇਨ ਸਮੇਤ ਪਿੰਡ ਮਧਰੇ ਤੋਂ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ। 

 

ਉਸ ਦੀ ਨਿਸ਼ਾਨਦੇਹੀ 'ਤੇ ਹਿੰਦ ਪਾਕਿ ਸਰਹੱਦ 'ਤੇ ਸਥਿਤ ਬੀਐਸਐਫ ਜਲਾਲਾਬਾਦ ਦੀ ਚੌਕੀ ਸੰਤੋਖ ਸਿੰਘ ਵਾਲਾ ਦੇ ਖੇਤਰ 'ਚ ਬੀਐਸਐਫ ਨਾਲ ਮਿਲ ਕੇ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਕੰਢਿਆਲੀ ਤਾਰੋਂ ਪਾਰ ਭਾਰਤ ਖੇਤਰ 'ਚ ਹੈਰੋਇਨ ਬਰਾਮਦ ਹੋਈ। ਇਸ ਦਾ ਵਜ਼ਨ 7 ਕਿੱਲੋ ਪਾਇਆ ਗਿਆ। ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜ਼ਮ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ। ਹੁਣ ਦੋਸ਼ੀ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ ਤਸਕਰਾਂ ਦੀ ਚੈਨ ਨੂੰ ਤੋੜਿਆ ਜਾਵੇਗਾ।