ਕਾਹਿਰਾ (ਮਿਸਰ): ਪੱਛਮੀ ਰੇਗਿਸਤਾਨ ਦੀ ਇੱਕ ਲੈਬ. ’ਚ ਅਹਿਮਦ ਅਬੂ ਅਲ ਸਊਦ ਨੂੰ ਹਜ਼ਾਰਾਂ ਜਿਊਂਦੇ ਬਿੱਛੂਆਂ ’ਚੋਂ ਇੱਕ ਬੂੰਦ ਜ਼ਹਿਰ ਕੱਢਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਦੋ ਦਹਾਕਿਆਂ ਤੱਕ ਤੇਲ ਖੇਤਰ ਵਿੱਚ ਕੰਮ ਕਰ ਚੁੱਕੇ ਪੇਸ਼ੇ ਤੋਂ ਮਕੈਨੀਕਲ ਇੰਜਨੀਅਰ ਅਲ ਸਊਦ ਨੇ 2018 ’ਚ ਇੱਕ ਵੱਖਰਾ ਰਾਹ ਅਪਨਾਉਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਤਦ ਬਿੱਛੂ ਦੇ ਜ਼ਹਿਰ ਦਾ ਉਤਪਾਦਨ ਦਵਾ ਖੋਜ ਲਈ ਕਰਨ ਦਾ ਫ਼ੈਸਲਾ ਕੀਤਾ ਸੀ।


 


ਚਿੱਟੇ ਲੈਬ. ਕੋਟ ਨਾਲ ਲੈਸ 44 ਸਾਲਾ ਇੰਜਨੀਅਰ ਨੇ ਦੱਸਿਆ ਕਿ ਉਨ੍ਹਾਂ ਵੇਖਿਆ ਬਾਜ਼ਾਰ ਵਿੱਚ ਬਿੱਛੂ ਦਾ ਜ਼ਹਿਰ ਸਭ ਤੋਂ ਮਹਿੰਗਾ ਉਤਪਾਦ ਹੈ। ਰੇਗਿਸਤਾਨ ਵਿੱਚ ਬਿੱਛੂ ਵੱਡੀ ਗਿਣਤੀ ’ਚ ਪਾਏ ਜਾਂਦੇ ਹਨ। ਤਦ ਉਨ੍ਹਾਂ ਇਸੇ ਵਾਤਾਵਰਣ ਸਥਿਤੀ ਦਾ ਫ਼ਾਇਦਾ ਲੈਣ ਬਾਰੇ ਵਿਚਾਰ ਕੀਤਾ।


 


ਦਰਅਸਲ, ਬਿੱਛੂ ਦੇ ਜ਼ਹਿਰ ਨਿਊਰੋਟੌਕਸਿਨ ਤੋਂ ਦਵਾਈਆਂ ਬਣਦੀਆਂ ਹਨ। ਇਸ ਜ਼ਹਿਰ ਦਾ ਉਤਪਾਦਨ ਹੁਣ ਮੱਧ ਪੂਰਬ ਦੇ ਕਈ ਦੇਸ਼ਾਂ ’ਚ ਕੀਤਾ ਜਾਂਦਾ ਹੈ। ਕਈ ਖੋਜਾਂ ਤੋਂ ਸਾਹਮਣੇ ਆਇਆ ਹੈ ਕਿ ਇਸ ਜ਼ਹਿਰ ਵਿੱਚ ਕਈ ਤਰ੍ਹਾਂ ਦੇ ਕੀਟਾਣੂਆਂ ਦਾ ਖ਼ਾਤਮਾ ਕਰਨ, ਰੋਗ ਪ੍ਰਤੀਰੋਧਕ ਸ਼ਕਤੀ (Immunity Power) ਵਧਾਉਣ ਅਤੇ ਕੈਂਸਰ ਰੋਗ ਦਾ ਇਲਾਜ ਕਰਨ ਦੀ ਸਮਰੱਥਾ ਮੌਜੂਦ ਹੈ।


 


ਅਬੂ ਅਲ ਸਊਦ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ 800 ਕਿਲੋਮੀਟਰ ਦੂਰ ਦੱਖਣ-ਪੱਛਮੀ ਇਲਾਕੇ ਦੇ ਨਿਵਾਸੀ ਹਨ। ਉਨ੍ਹਾਂ ਦੀ ਲੈਬ. ਦੇ ਆਲੇ-ਦੁਆਲੇ ਰੇਤ ਦੇ ਉੱਚੇ-ਉੱਚੇ ਟੀਲਿਆਂ ਤੇ ਰੁੱਖਾਂ ਵਿੱਚ ਬਿੱਛੂਆਂ ਦਾ ਸਾਮਰਾਜ ਹੈ। ਉਨ੍ਹਾਂ ਦਾ ਜ਼ਹਿਰ ਕੱਢਣ ਲਈ ਬਿੱਛੂਆਂ ਨੂੰ ਬਿਜਲੀ ਦਾ ਹਲਕਾ ਝਟਕਾ ਦਿੱਤਾ ਜਾਂਦਾ ਹੈ।


 


ਮਿਆਰੀ ਕਿਸਮ ਦਾ ਜ਼ਹਿਰ ਹਾਸਲ ਕਰਨ ਲਈ ਘੱਟੋ-ਘੱਟ 20 ਤੋਂ 30 ਦਿਨਾਂ ਦੀ ਉਡੀਕ ਕਰਨੀ ਪੈਂਦੀ ਹੈ। ਇੱਕ ਗ੍ਰਾਮ ਜ਼ਹਿਰ ਲਈ 3,000 ਤੋਂ ਲੈ ਕੇ 3,500 ਬਿੱਛੂਆਂ ਦੀ ਲੋੜ ਪੈਂਦੀ ਹੈ। ਤਰਲ ਜ਼ਹਿਰ ਨੂੰ ਫ਼੍ਰਿੱਜ ਵਿੱਚ ਰੱਖ ਕੇ ਕਾਹਿਰਾ ਭੇਜਿਆ ਜਾਂਦਾ ਹੈ ਤੇ ਉੱਥੇ ਉਸ ਨੂੰ ਸੁਕਾ ਕੇ ਪਾਊਡਰ ਦੀ ਸ਼ਕਲ ਵਿੱਚ ਪੈਕ ਕੀਤਾ ਜਾਂਦਾ ਹੈ।


 


ਬਿੱਛੂ ਦੇ ਇੱਕ ਗ੍ਰਾਮ ਜ਼ਹਿਰ ਦੀ ਕੀਮਤ ਹੈ 7,500 ਡਾਲਰ


ਬਿੱਛੂ ਦੇ ਇੱਕ ਗ੍ਰਾਮ ਜ਼ਹਿਰ ਦੀ ਕੀਮਤ 5 ਲੱਖ 61 ਹਜ਼ਾਰ ਰੁਪਏ (7,500 ਅਮਰੀਕੀ ਡਾਲਰ) ਤੋਂ ਵੀ ਵੱਧ ਹੁੰਦੀ ਹੈ। ਨਿਊ ਵੈਲੀ ਸੂਬੇ ਵਿੱਚ ਬਹੁਤ ਜ਼ਿਆਦਾ ਮੰਗ ਵਾਲੇ ਡੈਥਸਟੌਕਰ ਸਮੇਤ ਬਿੱਛੂਆਂ ਦੀ ਲਗਭਗ 5 ਵੱਖੋ-ਵੱਖਰੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।