ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਬੇਸ਼ੱਕ ਬੀਤੇ ਦਿਨੀਂ ਸੂਬੇ ਸਣੇ ਦੇਸ਼ ਦੇ ਕਈ ਹੋਰ ਸ਼ਹਿਰਾਂ ‘ਚ ਪਈ ਬਾਰਸ਼ (Rain) ਨੇ ਲੋਕਾਂ ਨੂੰ ਗਰਮੀ (hot summer) ਤੋਂ ਰਾਹਤ ਦਿੱਤੀ ਹੈ ਪਰ ਇਸ ਦੇ ਨਾਲ ਹੀ ਪਹਿਲਾਂ ਪੂਰਾ ਦਿਨ ਗਰਮੀ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰ ਦਿੱਤਾ। ਬਠਿੰਡਾ (Bathinda) ਲਗਾਤਾਰ ਚਾਰ ਦਿਨਾਂ ਤੋਂ ਸੂਬੇ ਵਿੱਚ ਸਭ ਤੋਂ ਗਰਮ ਰਿਹਾ। ਬੁੱਧਵਾਰ ਨੂੰ ਇੱਥੇ ਦਾ ਤਾਪਮਾਨ (temperature) 47.5 ਡਿਗਰੀ ਤੱਕ ਪਹੁੰਚ ਗਿਆ। ਬਠਿੰਡਾ ਵਿੱਚ ਪਿਛਲੇ 20 ਸਾਲਾਂ ਵਿੱਚ ਮਈ ਵਿੱਚ ਸਭ ਤੋਂ ਵੱਧ ਤਾਪਮਾਨ ਰਿਹਾ ਹੈ। ਇਸ ਤੋਂ ਪਹਿਲਾਂ 8 ਜੂਨ, 2014 ਨੂੰ ਬਠਿੰਡਾ ਦਾ ਤਾਪਮਾਨ 47.2 ਡਿਗਰੀ ਸੀ।

ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ 28 ਤੋਂ 30 ਤੱਕ ਗਰਮੀ ਤੋਂ ਰਾਹਤ ਮਿਲੇਗੀ। ਬਾਰਸ਼ ਤੇ ਧੂੜ ਭਰੀ ਹਨੇਰੀ ਦੀ ਸੰਭਾਵਨਾ ਹੈ। ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਹੋਣ ਕਾਰਨ ਬਠਿੰਡਾ ਸਭ ਤੋਂ ਜ਼ਿਆਦਾ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਮਾਲਵਾ ਰਾਜਸਥਾਨ ਦੀ ਗਰਮ ਹਵਾ ਕਾਰਨ ਤੱਪ ਰਿਹਾ ਹੈ। ਇੱਥੇ ਵੱਡੀ ਗਿਣਤੀ ਵਿੱਚ ਕੱਟੇ ਜਾ ਰਹੇ ਰੁੱਖ ਵੀ ਇਸ ਦਾ ਇੱਕ ਕਾਰਨ ਮੰਨੇ ਜਾਂਦੇ ਹਨ। ਮੌਸਮ ਵਿਭਾਗ ਅਨੁਸਾਰ ਗਰਮੀ ਦੇਰ ਨਾਲ ਸ਼ੁਰੂ ਹੋਈ ਤੇ ਪਾਰਾ ਪੂਰੀ ਤਰ੍ਹਾਂ ਵੱਧ ਗਿਆ।

ਬੁੱਧਵਾਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਦਿਨ ਵੇਲੇ ਗਰਮ ਹਵਾਵਾਂ ਚੱਲੀਆਂ, ਪਰ ਰਾਤ ਨੂੰ ਮੌਸਮ ਵਿੱਚ ਕੁਝ ਬਦਲਾਅ ਹੋਇਆ। ਧੂੜ ਝੱਖੜ ਤੇ ਬੱਦਲ ਛਾਏ ਰਹੇ। ਰਾਜ ਵਿੱਚ ਘੱਟੋ-ਘੱਟ ਤਾਪਮਾਨ ਵੀ 25 ਡਿਗਰੀ ਤੱਕ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਹੁਣ 30 ਮਈ ਤੱਕ ਮੌਸਮ ਕੁਝ ਰਾਹਤ ਭਰਿਆ ਰਹੇਗਾ। ਵੀਰਵਾਰ ਨੂੰ ਸੂਬੇ ‘ਚ ਕੁਝ ਥਾਂਵਾਂ ‘ਤੇ ਧੂੜ ਵਾਲੀ ਹਨੇਰੀ ਤੇ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਇਸ ਨਾਲ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਆਈ।

ਅੱਜ-ਕੱਲ੍ਹ, ਭੂਮੱਧ ਖੇਤਰ ‘ਚ ਸੂਰਜ ਦੀਆਂ ਕਿਰਨਾਂ ਧਰਤੀ ਦੀ ਸਤ੍ਹਾ 'ਤੇ ਸਿੱਧੀਆਂ ਪੈ ਰਹੀਆਂ ਹਨ, ਜਦੋਂਕਿ ਉਨ੍ਹਾਂ ਦਾ ਪ੍ਰਭਾਵ ਘੱਟ ਹਰਿਆਲੀ ਕਾਰਨ ਵਧੇਰੇ ਹੋ ਰਿਹਾ ਹੈ। ਉਧਰ ਗੁਆਂਢੀ ਸੂਬੇ ਹਿਮਾਚਲ ਵਿੱਚ ਜੂਨ ਤੱਕ ਮੀਂਹ ਤੇ ਤੂਫਾਨ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਇਸ ਸਮੇਂ ਦੌਰਾਨ ਹਵਾ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ।

ਗੱਲ ਕਰੀਏ ਸੂਬੇ ਹਰਿਆਣਾ ਦੀ ਤਾਂ ਇੱਥੇ ਦਾ ਨਾਰਨੌਲ ਸਭ ਤੋਂ ਗਰਮ ਰਿਹਾ, ਇੱਥੇ ਤਾਪਮਾਨ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੱਸ ਦਈਏ ਕਿ 28, 29 ਤੇ 30 ਮਈ ਤੱਕ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904