ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਇਸ ਵੇਲੇ ਪੂਰੇ ਦੇਸ਼ ਵਿੱਚ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨਾਲ ਲਗਾਤਾਰ ਇਹ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਵਿਰੋਧੀ ਪਾਰਟੀਆਂ ਵੀ ਕਿਸਾਨ ਅੰਦੋਲਨ ਦੀ ਹਮਾਇਤ ’ਚ ਹਨ। ਬੇਸ਼ੱਕ ਸਿਆਸੀ ਪਾਰਟੀਆਂ ਪਹਿਲਾਂ ਬਿਆਨਬਾਜ਼ੀ ਕਰਕੇ ਹੀ ਕਿਸਾਨਾਂ ਨਾਲ ਖੜ੍ਹੀਆਂ ਸੀ ਪਰ ਹੁਣ ਮੈਦਾਨ ਵਿੱਚ ਨਿੱਤਰ ਆਈਆਂ ਹਨ। ਤਾਜ਼ਾ ਹਾਲਾਤ ਨੂੰ ਵੇਖ ਬੀਜੇਪੀ ਕਾਫੀ ਫਿਕਰਮੰਦ ਨਜ਼ਰ ਆ ਰਹੀ ਹੈ।


ਇਸ ਦੌਰਾਨ ਅੱਜ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀਆਂ ਵਿਰੋਧੀ ਪਾਰਟੀਆਂ ਉੱਤੇ ਆਪਣਾ ਸਿਆਸੀ ਨਿਸ਼ਾਨਾ ਵਿੰਨ੍ਹਿਆ ਹੈ। ਮੰਤਰੀ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਆਈਆਂ ਵਿਰੋਧੀ ਪਾਰਟੀਆਂ ਦਾ ਦੋਹਰਾ ਤੇ ਸ਼ਰਮਨਾਕ ਰਵੱਈਆ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਆਪਣੀ ਸਿਆਸੀ ਹੋਂਦ ਬਚਾਉਣ ਲਈ ਇਸ ਅੰਦੋਲਨ ਨਾਲ ਆ ਖਲੋਤੀਆਂ ਹਨ।




ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਖ਼ੁਦ ਆਪਣੇ 2019 ਦੇ ਚੋਣ ਮੈਨੀਫ਼ੈਸਟੋ ਵਿੱਚ ਖੇਤੀ ਲਾਲ ਜੁੜੇ APMC ਐਕਟ ਨੂੰ ਖ਼ਤਮ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ 23 ਨਵੰਬਰ ਨੂੰ ਨਵਾਂ ਖੇਤੀ ਕਾਨੂੰਨ ਨੋਟੀਫ਼ਾਈ ਕਰ ਕੇ ਦਿੱਲੀ ’ਚ ਲਾਗੂ ਵੀ ਕਰ ਦਿੱਤਾ ਹੈ ਪਰ ਹੁਣ ਉਹ ਇਸ ਦਾ ਵਿਰੋਧ ਵੀ ਕਰਨ ਲੱਗ ਪਏ ਹਨ। ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਅਸੀਂ ਵਿਰੋਧੀ ਪਾਰਟੀਆਂ ਖ਼ਾਸ ਕਰਕੇ ਕਾਂਗਰਸ, NCP ਤੇ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਦੇ ਸ਼ਰਮਨਾਕ ਦੋਹਰੇ ਚਰਿੱਤਰ ਨੂੰ ਦੇਸ਼ ਦੇ ਸਾਹਮਣੇ ਲਿਆਂਦੇ ਆਏ ਹਨ। ਉਨ੍ਹਾਂ ਕਿਹਾ ਕਿ ਜੋ ਅਸੀਂ ਕੀਤਾ, ਯੂਪੀਏ ਸਰਕਾਰ ਵੀ ਉਹੀ ਕਰ ਰਹੀ ਸੀ।




ਮੰਤਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਆਗੂ ਪਹਿਲਾਂ ਹੀ ਆਖ ਚੁੱਕੇ ਹਨ ਕਿ ਕੋਈ ਸਿਆਸੀ ਆਗੂ ਉਨ੍ਹਾਂ ਦੇ ਮੰਚ ਉੱਤੇ ਨਾ ਆਉਣ ਪਰ ਫਿਰ ਵੀ ਵਿਰੋਧੀ ਧਿਰਾਂ ਜਾਣਬੁੱਝ ਕੇ ਉਨ੍ਹਾਂ ਨਾਲ ਜੁੜਨਾ ਚਾਹ ਰਹੀਆਂ ਹਨ। ਦੱਸ ਦਈਏ ਕਿ ਦੇਸ਼ ਭਾਰ ਦੀਆਂ ਤਿੰਨ ਦਰਜਨ ਦੇ ਕਰੀਬ ਸਿਆਸੀ ਪਾਰਟੀਆਂ ਨੇ ਕਿਸਾਨਾਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਤਾਂ ਸਿੱਧਾ ਕਿਸਾਨਾਂ ਵਿੱਚ ਹੀ ਪਹੁੰਚ ਗਏ। ਉਧਰ, ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਸੜਕਾਂ 'ਤੇ ਉੱਤਰ ਆਏ ਹਨ। ਇਸ ਕਰਕੇ ਬੀਜੇਪੀ ਸਰਕਾਰ ਉੱਪਰ ਕਾਫੀ ਦਬਾਅ ਵਧ ਗਿਆ ਹੈ।