ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਭਾਰਤ ਸਰਕਾਰ ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਸਰਗਰਮ ਸਮਰਥੱਕ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਕਰਨ ਦੇ ਦੋ ਦਿਨ ਬਾਅਦ ਭਾਰਤ ਸਰਕਾਰ ਨੇ ਅੰਦੋਲਨ ਦੇ ਕੌਮਾਂਤਰੀ ਸਮਰਥੱਕਾਂ ਵਿਰੁੱਧ ਇੱਕ ਹੋਰ ਹਮਲਾ ਕੀਤਾ ਹੈ। ਸਰਕਾਰ ਨੇ ਕੈਨੇਡਾ ਤੇ ਕਈ ਹੋਰ ਮੁਲਕਾਂ ਵਿੱਚ ਬੈਠੇ ਭਾਰਤੀ ਮੂਲ ਦੇ ਨਾਗਰਿਕਾਂ ਦੇ ਲੰਬੀ ਮਿਆਦ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਆਈਓਸੀ ਕਾਰਡ ਹੋਲਡਰਾਂ ਦੇ ਕਾਰਡ ਵੀ ਰੱਦ ਕਰ ਦਿੱਤੇ।
ਕਿਸਾਨ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਦਾ ਕਸੂਰ ਸਿਰਫ ਇਹੀ ਹੈ ਕਿ ਉਹ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਹਨ, ਆਪਣੀ ਰਿਹਾਇਸ਼ ਦੇ ਮੁਲਕ 'ਚ ਅੰਦੋਲਨ ਦੇ ਹੱਕ ਵਿੱਚ ਤੇ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਕਰਦੇ ਹਨ। ਭਾਰਤੀ ਸਰਕਾਰ ਦੀ ਇਹ ਬਹੁਤ ਘਟੀਆ ਤੇ ਅਨੈਤਿਕ ਕਾਰਵਾਈ ਹੈ ਜਿਸ ਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ। ਸਰਕਾਰ ਤੁਰੰਤ ਇਹ ਨਾਦਰਸ਼ਾਹੀ ਫਰਮਾਨ ਵਾਪਸ ਲਵੇ।
ਦੱਸ ਦਈਏ ਕਿ 32 ਜਥੇਬੰਦੀਆਂ 'ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 392ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਬੀਐਸਐਫ ਨੂੰ ਵਾਧੂ ਤਾਕਤਾਂ ਦੇਣ ਵਿਰੁੱਧ ਫਾਸ਼ੀਵਾਦ ਵਿਰੋਧੀ ਦਿਨ ਮਨਾਇਆ ਤੇ ਕਿਸਾਨ ਧਰਨੇ 'ਚ ਭਰਵੀਂ ਸ਼ਮੂਲੀਅਤ ਕੀਤੀ।
ਫਰੰਟ ਦੇ ਸੂਬਾਈ ਨੇਤਾ ਤੇ ਉਘੇ ਜਮਹੂਰੀ ਅਗੂ ਦਰਸ਼ਨ ਖਟਕਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਪਿੱਛੇ ਸਰਕਾਰ ਦੇ ਕੋਝੇ ਮਨਸੂਬੇ ਕਰਮਸ਼ੀਲ ਹਨ। ਕਿਸਾਨ ਅੰਦੋਲਨ ਤੋਂ ਘਬਰਾਈ ਸਰਕਾਰ ਝੂਠਾਂ, ਸਾਜ਼ਿਸ਼ਾਂ, ਜਬਰ ਹਰ ਤਰਾਂ ਦੇ ਹੱਥਕੰਡਿਆਂ ਦਾ ਸਹਾਰਾ ਲੈ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦਾ ਬਣਨਾ ਬਹੁਤ ਸ਼ੁਭ ਸੰਕੇਤ ਹੈ ਜੋ ਨਾ ਸਿਰਫ ਭਾਰਤ ਦੇ ਸਗੋਂ ਦੁਨੀਆ ਭਰ ਦੇ ਕਿਸਾਨਾਂ, ਖੇਤ ਮਜਦੂਰਾਂ ਤੇ ਕਿਰਤੀਆਂ ਲਈ ਰਾਹ-ਦਸੇਰਾ ਬਣਿਆ ਹੋਇਆ ਹੈ। ਸਾਨੂੰ ਮੋਰਚੇ ਦਾ ਸਾਥ ਦਿੰਦੇ ਹੋਏ ਇਸ ਨੂੰ ਹੋਰ ਮਜਬੂਤ ਕਰਨਾ ਚਾਹੀਦਾ ਹੈ।
ਅੱਜ ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਧਨੌਲਾ ਪੁਲਿਸ ਨੇ ਬੀਜੇਪੀ ਨੇਤਾ ਗਰੇਵਾਲ ਦੇ ਦਬਾਅ ਹੇਠ ਝੂਠੇ ਕੇਸ ਦਰਜ ਕੀਤੇ ਹਨ। 29 ਤਰੀਕ, ਸ਼ੁਕਰਵਾਰ ਨੂੰ ਕਿਸਾਨਾਂ ਵਿਰੁੱਧ ਦਰਜ ਇਹ ਝੂਠੇ ਕੇਸ ਵਾਪਸ ਕਰਵਾਉਣ ਲਈ ਧਨੌਲਾ ਥਾਣੇ ਦਾ ਘਿਰਾਉ ਕੀਤਾ ਜਾਵੇਗਾ। ਆਗੂਆਂ ਨੇ ਸਭ ਇਨਸਾਫ ਪਸੰਦ ਲੋਕਾਂ ਨੂੰ ਉਸ ਦਿਨ 11 ਵਜੇ ਸਿੱਧਾ ਧਨੌਲਾ ਦਾਣਾ ਮੰਡੀ ਪਹੁੰਚਣ ਦੀ ਅਪੀਲ ਕੀਤੀ। ਦਾਣਾ ਮੰਡੀ ਤੋਂ ਬਜਾਰਾਂ ਵਿਚੋਂ ਦੀ ਮੁਜ਼ਾਹਰਾ ਕਰਕੇ ਥਾਣੇ ਮੂਹਰੇ ਪਹੁੰਚਿਆ ਜਾਵੇਗਾ।
ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਦੇ ਹਮਾਇਤੀ ਪਰਵਾਸੀ ਭਾਰਤੀਆਂ ਦੇ ਵੀਜ਼ੇ ਤੇ ਆਈਓਸੀ ਕਾਰਡ ਰੱਦ ਕੀਤੇ: ਕਿਸਾਨ ਲੀਡਰਾਂ ਨੇ ਲਾਏ ਗੰਭੀਰ ਇਲਜ਼ਾਮ
abp sanjha
Updated at:
27 Oct 2021 04:13 PM (IST)
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਸਰਗਰਮ ਸਮਰਥੱਕ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਕਰਨ ਦੇ ਦੋ ਦਿਨ ਬਾਅਦ ਭਾਰਤ ਸਰਕਾਰ ਨੇ ਅੰਦੋਲਨ ਦੇ ਕੌਮਾਂਤਰੀ ਸਮਰਥੱਕਾਂ ਵਿਰੁੱਧ ਇੱਕ ਹੋਰ ਹਮਲਾ ਕੀਤਾ ਹੈ।
farmers
NEXT
PREV
Published at:
27 Oct 2021 04:13 PM (IST)
- - - - - - - - - Advertisement - - - - - - - - -