ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸ਼ਨੀਵਾਰ ਸ਼ਾਮ ਨੂੰ ਹਾਥਰਸ ਪਹੁੰਚੇ ਅਤੇ ਦਰਿੰਦਿਆਂ ਦਾ ਸ਼ਿਕਾਰ ਹੋਈ 19 ਸਾਲਾ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਰਾਹੁਲ ਅਤੇ ਪ੍ਰਿਯੰਕਾ ਨੇ ਪੀੜਤਾ ਦੇ ਭਰਾ, ਪਿਤਾ ਅਤੇ ਮਾਂ ਨਾਲ ਕਾਫ਼ੀ ਸਮੇਂ ਤੋਂ ਬੰਦ ਕਮਰੇ ਵਿੱਚ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਵੀ ਮੌਜੂਦ ਸੀ।
ਪੀੜਤ ਪਰਿਵਾਰ ਨਾਲ ਮੁਲਾਕਾਤ ਦੌਰਾਨ ਪ੍ਰਿਯੰਕਾ ਗਾਂਧੀ ਨੇ ਪੀੜਤਾ ਦੀ ਮਾਂ ਨੂੰ ਗਲੇ ਨਾਲ ਲਗਾਇਆ ਅਤੇ ਉਨ੍ਹਾਂ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਦੇ ਘਰ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਅੱਜ ਜਦੋਂ ਰਾਹੁਲ ਅਤੇ ਪ੍ਰਿਯੰਕਾ ਹਾਥਰਸ ਲਈ ਰਵਾਨਾ ਹੋਏ, ਉਨ੍ਹਾਂ ਨੂੰ ਇਕ ਵਾਰ ਫਿਰ ਡੀਐਨਡੀ 'ਤੇ ਰੋਕ ਦਿੱਤਾ ਗਿਆ, ਪਰ ਉਨ੍ਹਾਂ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਯੂ ਪੀ ਸਰਕਾਰ ਨੇ ਪੰਜ ਲੋਕਾਂ ਨੂੰ ਹਾਥਰਸ ਜਾਣ ਦੀ ਆਗਿਆ ਦਿੱਤੀ।
ਡੀਜੀਪੀ ਐਚ ਸੀ ਅਵਸਥੀ ਅਤੇ ਵਧੀਕ ਪ੍ਰਮੁੱਖ ਸਕੱਤਰ ਤੋਂ ਪੀੜਤ ਪਰਿਵਾਰ ਨੇ ਸਵਾਲ ਕੀਤਾ ਹੈ ਕਿ ਸਾਡੀ ਲੜਕੀ ਦਾ ਜਲਦਬਾਜ਼ੀ 'ਚ ਅੰਤਿਮ ਸੰਸਕਾਰ ਕਿਉਂ ਕੀਤਾ ਗਿਆ। ਡੀਐਮ ਦੇ ਰਵੱਈਏ ਬਾਰੇ ਵੀ ਸ਼ਿਕਾਇਤ ਕੀਤੀ। ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਪੀੜਤ ਲੜਕੀ ਦੀ ਭਰਜਾਈ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਉਦੋਂ ਤੱਕ ਕੋਈ ਮੰਗ ਪ੍ਰਵਾਨ ਨਹੀਂ ਕੀਤੀ ਜਾਵੇਗੀ।
ਪੀੜਤ ਦੇ ਭਰਾ ਨੇ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਮ੍ਰਿਤਕ ਦੇਹ ਦੀ ਸਿਰਫ ਇਕ ਤਸਵੀਰ ਹੀ ਦਿਖਾ ਦਿੰਦੇ, ਤਾਂ ਜੋ ਅਸੀਂ ਘਰ 'ਚ ਉਸ ਨੂੰ ਸ਼ਰਧਾਂਜਲੀ ਭੇਂਟ ਕਰਦੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਵਾਪਸ ਨਹੀਂ ਲਿਆ ਜਾ ਸਕਦਾ, ਐਸਆਈਟੀ ਦੀ ਟੀਮ ਆ ਕੇ ਤੁਹਾਡੇ ਨਾਲ ਗੱਲਬਾਤ ਕਰੇਗੀ।