ਸ਼ਿਮਲਾ: ਪੰਜ ਦਿਨਾਂ ਦੀ ਦੇਰੀ ਤੋਂ ਬਾਅਦ ਆਖਰਕਾਰ ਦੱਖਣ-ਪੱਛਮੀ ਮੌਨਸੂਨ ਨੇ ਪੂਰੇ ਦੇਸ਼ ਨੂੰ ਮੰਗਲਵਾਰ ਨੂੰ ਕਵਰ ਕਰ ਲਿਆ, ਜਿਸ ਨਾਲ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋਈ, ਜਿਥੇ ਮੀਂਹ ਨਹੀਂ ਪੈਣ ਕਾਰਨ ਲੋਕ ਗਰਮੀ ਨਾਲ ਜੂਝ ਰਹੇ ਸਨ।
ਭਾਰਤ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰੇਂਦਰ ਪੌਲ ਨੇ ਮੀਡੀਆ ਨੂੰ ਦੱਸਿਆ ਕਿ ਭਾਰੀ ਬਾਰਸ਼ ਨਾਲ ਜ਼ਮੀਨ ਖਿਸਕ, ਨੀਵੇਂ ਇਲਾਕਿਆਂ ਵਿੱਚ ਹੜ੍ਹ, ਨਾਲਿਆਂ ਵਿੱਚ ਭਾਰੀ ਵਹਾਅ ਹੋ ਸਕਦਾ ਹੈ ਅਤੇ ਨਾਗਰਿਕ ਸਹੂਲਤਾਂ ਵਿੱਚ ਵਿਘਨ ਪੈ ਸਕਦਾ ਹੈ। ਹਿਮਾਚਲ ਪ੍ਰਦੇਸ਼ ਵਿਚ ਕਾਂਗੜਾ ਜ਼ਿਲੇ ਦੀ ਬੋਹ ਘਾਟੀ ਵਿਚ ਜ਼ਮੀਨ ਖਿਸਕਣ ਤੋਂ ਬਾਅਦ ਬਚਾਅ ਕਾਰਜ ਜਾਰੀ ਹਨ, ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਹੋਰ ਲੋਕ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ।
ਇਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀ ਇਕ ਟੀਮ ਨੇ ਸੋਮਵਾਰ ਨੂੰ ਚਾਰ ਲੋਕਾਂ ਨੂੰ ਬਚਾਇਆ ਅਤੇ ਹੋਰਾਂ ਨੂੰ ਮਲਬੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰੀ ਬਾਰਸ਼ ਨੇ ਪਹਾੜੀ ਰਾਜ ਵਿੱਚ ਆਮ ਜੀਵਣ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਅਤੇ ਕਈਂ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕੀਤੀ ਹੈ।
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਸੋਮਵਾਰ ਨੂੰ ਭਾਰੀ ਬਾਰਸ਼ ਕਾਰਨ ਆਏ ਤੇਜ਼ ਹੜ੍ਹਾਂ ਵਿੱਚ ਕਈ ਕਾਰਾਂ ਅਤੇ ਦੋ ਇਮਾਰਤਾਂ ਵਹਿ ਗਈਆਂ। ਇਸ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਗੱਗਲ ਵਿਚ ਕਾਂਗੜਾ ਹਵਾਈ ਅੱਡਾ ਖਰਾਬ ਮੌਸਮ ਦੇ ਕਾਰਨ ਬੰਦ ਕਰਨਾ ਪਿਆ। ਖੇਤਰ ਵਿੱਚ ਆਏ ਹੜ੍ਹਾਂ ਨੇ ਇੱਕ ਸਰਕਾਰੀ ਸਕੂਲ ਸਮੇਤ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰੀ ਮੀਂਹ ਦੇ ਮੱਦੇਨਜ਼ਰ ਸੈਲਾਨੀਆਂ ਨੂੰ ਆਪਣੀ ਯਾਤਰਾ ਮੁਲਤਵੀ ਕਰਨ ਦੇ ਨਿਰਦੇਸ਼ ਦਿੱਤੇ। ਮੀਂਹ ਕਾਰਨ ਮੰਡੀ-ਪਠਾਨਕੋਟ ਹਾਈਵੇਅ 'ਤੇ ਵੀ ਆਵਾਜਾਈ ਠੱਪ ਹੋ ਗਈ।