ਨਵੀਂ ਦਿੱਲੀ: ਅੱਜ ਸਿੰਘੂ ਸਰਹੱਦ ਤੋਂ 200 ਮਹਿਲਾ ਕਿਸਾਨ 5 ਬੱਸਾਂ ਵਿੱਚ ਦਿੱਲੀ ਦੇ ਸੰਸਦ ਮਾਰਗ ਉੱਤੇ ਸਥਿਤ ਜੰਤਰ ਮੰਤਰ ਵੱਲ ਰਵਾਨਾ ਹੋਈਆਂ। ਇਨ੍ਹਾਂ ਮਹਿਲਾ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਦਿਖਾਉਣਗੀਆਂ ਕਿ ਕਿਸ ਤਰ੍ਹਾਂ ਔਰਤਾਂ ਕਿਸਾਨੀ ਸੰਸਦ ਨੂੰ ਚਲਾਉਂਦੀਆਂ ਹਨ।

 
ਤਿੰਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਅੱਜ ਕਿਸਾਨ ਅੰਦੋਲਨ ਨੂੰ 8 ਮਹੀਨੇ ਪੂਰੇ ਹੋ ਗਏ ਹਨ। ਔਰਤਾਂ ਅੱਜ ਦਿੱਲੀ ਵਿੱਚ ਕਿਸਾਨ ਪਾਰਲੀਮੈਂਟ ਚਲਾਉਣਗੀਆਂ। ਕਿਸਾਨਾਂ ਦੀ ਸੰਸਦ ਬਾਰੇ ਔਰਤਾਂ ਵਿਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਔਰਤਾਂ ਕਿਸੇ ਵੀ ਵਰਗ ਵਿੱਚ ਮਰਦਾਂ ਤੋਂ ਪਿੱਛੇ ਨਹੀਂ ਹਨ ਤੇ ਉਹ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧ ਰਹੀਆਂ ਹਨ ਤੇ ਉਹ ਹੁਣ ਕਿਸਾਨਾਂ ਦੀ ਸੰਸਦ ਵੀ ਬਾਖ਼ੂਬੀ ਚਲਾ ਕੇ ਵਿਖਾਉਣਗੀਆਂ।

 

ਅੰਦੋਲਨਕਾਰੀ ਕਿਸਾਨ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤੇ ਮੰਗ ਕਰਦੇ ਹਨ ਕਿ ਸਰਕਾਰ ਜਿੰਨੀ ਜਲਦੀ ਹੋ ਸਕੇ ਉਨ੍ਹਾਂ ਨੂੰ ਰੱਦ ਕਰ ਦੇਵੇ। ਸੰਯੁਕਤ ਕਿਸਾਨ ਮੋਰਚਾ 22 ਜੁਲਾਈ ਤੋਂ ਰੋਜ਼ਾਨਾ 200 ਕਿਸਾਨਾਂ ਨੂੰ ਕਿਸਾਨ ਸੰਸਦ ਚਲਾਉਣ ਲਈ ਜੰਤਰ ਮੰਤਰ ਭੇਜ ਰਿਹਾ ਹੈ। ਉਸੇ ਲੜੀ ਵਿੱਚ ਅੱਜ 200 ਮਹਿਲਾ ਕਿਸਾਨ ਅੱਜ ਸਿੰਘੂ ਸਰਹੱਦ ਤੋਂ 5 ਬੱਸਾਂ ਵਿਚ ਦਿੱਲੀ ਲਈ ਰਵਾਨਾ ਹੋਈਆਂ।

 

ਔਰਤਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਕਿਸਾਨਾਂ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹ ਕੈਬਨਿਟ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ‘ਮਵਾਲੀ’ ਕਹਿਣ ਤੋਂ ਵੀ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਗੱਲਾਂ ਨਾਲ ਸਰਕਾਰ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।

 

ਸਾਬਕਾ ਸੰਸਦ ਮੈਂਬਰ ਸੁਭਾਸ਼ਿਨੀ ਅਲੀ ਨੇ ਕਿਹਾ ਕਿ ਇਹ ਇੱਕ ਕਿਸਾਨ ਅੰਦੋਲਨ ਹੈ। ਇਹ ਦੂਜੀ ਆਜ਼ਾਦੀ ਦੀ ਲਹਿਰ ਹੈ। ਪਹਿਲੇ ਅੰਦੋਲਨ ਨੇ ਇਸ ਦੇਸ਼ ਲਈ ਜੋ ਸਭ ਜਿੱਤਿਆ ਸੀ, ਭਾਜਪਾ ਸਰਕਾਰ ਉਹ ਸਭ ਗੁਆ ਰਹੀ ਹੈ। ਭਾਜਪਾ ਸਰਕਾਰ ਦੇਸ਼ ਦੇ ਸਰੋਤਾਂ ਨੂੰ ਵੇਚ ਰਹੀ ਹੈ। ਕਿਸਾਨੀ ਅੰਦੋਲਨ ਦਿਖਾ ਰਿਹਾ ਹੈ ਕਿ ਦੇਸ਼ ਨੂੰ ਕਿਵੇਂ ਚਲਾਇਆ ਜਾਣਾ ਚਾਹੀਦਾ ਹੈ। ਕਿਸਾਨਾਂ ਦੀ ਸੰਸਦ ਇਹ ਦਰਸਾ ਰਹੀ ਹੈ ਕਿ ਸੰਸਦ ਵਿੱਚ ਅਡਾਨੀ ਤੇ ਅੰਬਾਨੀ ਦੇ ਹੱਕ ਵਿੱਚ ਕਾਨੂੰਨ ਬਣੇ ਹਨ। ਇਹ ਕਾਨੂੰਨ ਮਜ਼ਦੂਰਾਂ ਤੇ ਕਿਸਾਨਾਂ ਦੇ ਵਿਰੋਧ ਵਿੱਚ ਬਣੇ ਹਨ। ਕਿਸਾਨਾਂ ਦੀ ਸੰਸਦ ਵਿੱਚ ਗਰੀਬਾਂ ਤੇ ਆਮ ਲੋਕਾਂ ਦੀ ਗੱਲ ਕੀਤੀ ਜਾਏਗੀ।

 

ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਪਸ਼ੂ ਪਾਲਣ ਤੇ ਘਰੇਲੂ ਤੇ ਦੁੱਧ ਦਾ ਕੰਮ ਕਰਦੀਆਂ ਹਨ ਪਰ ਉਨ੍ਹਾਂ ਨੂੰ ਕਿਸਾਨ ਨਹੀਂ ਮੰਨਿਆ ਜਾਂਦਾ। ਉਨ੍ਹਾਂ ਲਈ ਕੋਈ ਪਛਾਣ ਪੱਤਰ, ਕੋਈ ਕਰਜ਼ਾ, ਕੋਈ ਸਬਸਿਡੀ ਨਹੀਂ। ਹੁਣ ਕੋਈ ਵੀ ਔਰਤਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ ਅਤੇ ਜਦੋਂ ਇਹ ਅੰਦੋਲਨ ਜਿੱਤ ਹਾਸਲ ਕਰ ਲਵੇਗਾ, ਤਾਂ ਔਰਤ ਕਿਸਾਨਾਂ ਨੂੰ ਵੀ ਮਾਨਤਾ ਮਿਲੇਗੀ ਤੇ ਔਰਤਾਂ ਨੂੰ ਵੀ ਕਿਸਾਨ ਮੰਨਿਆ ਜਾਵੇਗਾ।