Aam Aadmi Party: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਛੱਤੀਸਗੜ੍ਹ ਪਹੁੰਚੇ ਅਤੇ ਇੱਕ ਟਾਊਨਹਾਲ ਮੀਟਿੰਗ ਨੂੰ ਸੰਬੋਧਨ ਕੀਤਾ,ਜਿੱਥੇ ਉਨ੍ਹਾਂ ਨੇ ਛੱਤੀਸਗੜ੍ਹ ਦੇ ਲੋਕਾਂ ਲਈ ‘ਗਾਰੰਟੀ ਕਾਰਡ’ਜਾਰੀ ਕੀਤਾ


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਆਮ ਆਦਮੀ ਪਾਰਟੀ ਸਿਰਫ਼ ਸਕੂਲਾਂ, ਹਸਪਤਾਲਾਂ, ਰੁਜ਼ਗਾਰ ਅਤੇ ਵਿਕਾਸ ਦੀ ਗੱਲ ਕਰਦੀ ਹੈ।  ਅਸੀਂ ਸਿਆਸਤਦਾਨ ਨਹੀਂ ਹਾਂ।  ਅਸੀਂ ਇੱਥੇ ਆਪਣੇ ਦੇਸ਼ ਨੂੰ ਨੰਬਰ ਇੱਕ ਬਣਾਉਣ ਲਈ ਕੰਮ ਕਰਨ ਲਈ ਆਏ ਹਾਂ।  ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕੰਮ ਕਰਦੀ ਹੈ ਅਤੇ ਆਪਣੀ ਗਾਰੰਟੀ ਪੂਰੀ ਕਰਦਿ ਹੈ, ਜਿਸ ਕਾਰਨ ਸਾਨੂੰ ਦਿੱਲੀ ਅਤੇ ਪੰਜਾਬ ਵਿੱਚ ਭਾਰੀ ਬਹੁਮਤ ਮਿਲਿਆ ਹੈ।  ਦਿੱਲੀ ਵਿੱਚ ਸਾਡੇ ਕੋਲ 70 ਵਿੱਚੋਂ 67 ਸੀਟਾਂ ਸਨ ਅਤੇ ਫਿਰ ਅਗਲੀਆਂ ਚੋਣਾਂ ਵਿੱਚ ਸਾਨੂੰ 63 ਸੀਟਾਂ ਮਿਲੀਆਂ।  ਪੰਜਾਬ ਵਿੱਚ ਅਸੀਂ 117 ਵਿੱਚੋਂ ਇਤਿਹਾਸਕ 92 ਸੀਟਾਂ ਜਿੱਤੀਆਂ ਹਨ।


ਮੁਫ਼ਤ 24 ਘੰਟੇ ਬਿਜਲੀ ਦੇਣ ਦੀ ਦਿੱਤੀ ਗਾਰੰਟੀ


ਗਾਰੰਟੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਬਿਜਲੀ ਸਰਪਲੱਸ ਸੂਬਾ ਹੈ ਪਰ ਇੱਥੋਂ ਦੇ ਲੋਕਾਂ ਨੂੰ ਬਿਜਲੀ ਨਹੀਂ ਮਿਲਦੀ।  ਹਰ ਰੋਜ਼ 6-8 ਘੰਟੇ ਬਿਜਲੀ ਕੱਟ ਲੱਗ ਰਹੇ ਹਨ। ਪਰ ‘ਆਪ’ ਦੀ ਸਰਕਾਰ ਬਣਨ ‘ਤੇ ਲੋਕਾਂ ਨੂੰ ਮੁਫਤ ਅਤੇ 24 ਘੰਟੇ ਬਿਜਲੀ ਮਿਲੇਗੀ।  ਸਰਕਾਰੀ ਸਕੂਲਾਂ ਦਾ ਸੁਧਾਰ ਕੀਤਾ ਜਾਵੇਗਾ। ਸਿੱਖਿਆ ਅਤੇ ਸਿਹਤ ਸਹੂਲਤਾਂ ਹਰ ਕਿਸੇ ਲਈ ਮੁਫਤ ਹੋਣਗੀਆਂ। ਦਿੱਲੀ ਅਤੇ ਪੰਜਾਬ ਵਾਂਗ ਮੁਹੱਲਾ ਕਲੀਨਿਕ ਬਣਾਏ ਜਾਣਗੇ,ਸਰਕਾਰੀ ਹਸਪਤਾਲ ਬਣਾਏ ਜਾਣਗੇ। ਛੱਤੀਸਗੜ੍ਹ ਵਿੱਚ ਹਰ ਇੱਕ ਨੂੰ ਰੁਜ਼ਗਾਰ ਮਿਲੇਗਾ।


ਨੌਕਰੀਆਂ ਤੇ ਰੁਜ਼ਗਾਰ ਭੱਤਾ ਦੇਣ ਦੀ ਗਾਰੰਟੀ


ਅਸੀਂ ਦਿੱਲੀ ਵਿੱਚ 2 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ ਨੌਜਵਾਨਾਂ ਨੂੰ 12 ਲੱਖ ਪ੍ਰਾਈਵੇਟ ਨੌਕਰੀਆਂ ਦਿੱਤੀਆਂ। 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ  1000 ਰੁਪਏ ਪ੍ਰਤੀ ਮਹੀਨਾ ਅਤੇ ਬਜੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਭ੍ਰਿਸ਼ਟਾਚਾਰ ਮੁਕਤ ਛੱਤੀਸਗੜ੍ਹ ਬਣੇਗਾ ਅਤੇ ਲੋਕਾਂ ਨੂੰ ਘਰ-ਘਰ ਸੇਵਾਵਾਂ ਮਿਲਣਗੀਆਂ। ਸ਼ਹੀਦਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ।  10ਵੀਂ ਗਾਰੰਟੀ ਬਾਰੇ ਕੇਜਰੀਵਾਲ ਨੇ ਕਿਹਾ ਕਿ ਉਹ ਅਗਲੀ ਵਾਰ ਇਸ ਨੂੰ ਸਾਂਝਾ ਕਰਨਗੇ ਅਤੇ ਇਹ ਸੂਬੇ ਦੇ ਕਿਸਾਨਾਂ ਅਤੇ ਆਦਿਵਾਸੀ ਸਮਾਜ ਲਈ ਹੋਵੇਗੀ।