ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੰਜ ਮਹੀਨਿਆਂ ਦਰਮਿਆਨ ਹੀ ਦੁਨੀਆਂ ਦੇ ਕਰੀਬ ਸਾਰੇ ਦੇਸ਼ਾਂ 'ਚ ਪਹੁੰਚ ਗਿਆ ਹੈ ਪਰ ਅਜੇ ਤਕ ਇਸ ਦਾ ਕੋਈ ਅਸਰਦਾਰ ਇਲਾਜ ਨਹੀਂ ਮਿਲ ਸਕਿਆ। ਫ਼ਿਲਹਾਲ ਕੋਰੋਨਾ ਦੇ ਪਸਾਰ ਤੋਂ ਬਚਣ ਲਈ ਲੌਕਡਾਊਨ ਤੇ ਇਸ ਤੋਂ ਬਚੇ ਰਹਿਣ ਲਈ ਸਾਫ਼ ਸਫ਼ਾਈ ਇੱਕ ਮਾਤਰ ਤਰੀਕਾ ਹੈ।
WHO ਮੁਤਾਬਕ ਕੋਰੋਨਾ ਤੋਂ ਬਚਣ ਲਈ ਦਿਨ 'ਚ ਵਾਰ-ਵਾਰ ਘੱਟੋ-ਘੱਟ 20 ਸਕਿੰਟ ਤਕ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਵੋ। ਸਿਹਤ ਮੰਤਰਾਲੇ ਵੱਲੋਂ ਅਜਿਹੀ ਐਡਵਾਇਜ਼ਰੀ ਆ ਚੁੱਕੀ ਹੈ। ਵੱਡਾ ਸਵਾਲ ਇਹ ਹੈ ਕਿ ਜੇਕਰ ਹੱਥ ਧੋਣ ਲਈ ਪਾਣੀ ਹੀ ਨਾ ਹੋਵੇ ਤਾਂ ਕੀ ਕੀਤਾ ਜਾਵੇ?
ਜੇਕਰ WHO ਦੇ ਨਿਯਮਾਂ ਮੁਤਾਬਕ ਹੱਥ ਧੋਤੇ ਜਾਣ ਤਾਂ ਇੱਕ ਦਿਨ 'ਚ ਘੱਟੋ-ਘੱਟ ਇੱਕ ਵਿਅਕਤੀ 10 ਵਾਰ ਹੱਥ ਧੋਵੇਗਾ। ਇੱਕ ਵਿਅਕਤੀ ਨੂੰ 20 ਸਕਿੰਟ ਤਕ ਹੱਥ ਧੋਣ ਲਈ ਘੱਟੋ-ਘੱਟ ਦੋ ਲੀਟਰ ਪਾਣੀ ਦੀ ਲੋੜ ਹੋਵੇਗੀ ਯਾਨੀ ਦਿਨ 'ਚ 20 ਲੀਟਰ। ਇਸ ਤਰ੍ਹਾਂ ਚਾਰ ਲੋਕਾਂ ਦੇ ਇਕ ਪਰਿਵਾਰ ਨੂੰ ਦਿਨ 'ਚ 10 ਵਾਰ ਹੱਥ ਧੋਣ ਲਈ 80 ਲੀਟਰ ਪਾਣੀ ਚਾਹੀਦਾ ਹੈ। ਸੱਚਾਈ ਇਹ ਹੈ ਕਿ ਭਾਰਤ 'ਚ ਅੱਧੇ ਤੋਂ ਜ਼ਿਆਦਾ ਆਬਾਦੀ ਕੋਲ ਪਾਣੀ ਦੀ ਕੋਈ ਸੁਵਿਧਾ ਨਹੀਂ।
ਨੈਸ਼ਨਲ ਸੈਂਪਲ ਸਰਵੇਅ ਆਫ਼ਿਸ ਯਾਨੀ ਐਨਐਸਐਸਓ ਨੇ ਜੁਲਾਈ ਤੋਂ ਦਸੰਬਰ 2018 'ਚ ਇਕ ਸਰਵੇਅ ਕੀਤਾ ਸੀ। ਇਸ ਸਰਵੇਅ ਨੂੰ ਪਿਛਲੇ ਸਾਲ ਹੀ ਜਾਰੀ ਕੀਤਾ ਗਿਆ ਹੈ। ਇਸ ਸਰਵੇਅ ਮੁਤਾਬਕ ਦੇਸ਼ ਦੇ ਸਿਰਫ਼ 21.4 ਫੀਸਦ ਘਰਾਂ 'ਚ ਹੀ ਪਾਣੀ ਜ਼ਰੀਏ ਸਿੱਧਾ ਪਾਣੀ ਆਉਂਦਾ ਹੈ। ਯਾਨੀ 79 ਫੀਸਦ ਘਰ ਅਜਿਹੇ ਹਨ ਜਿੱਥੇ ਸਿੱਧਾ ਪਾਣੀ ਨਹੀਂ ਆਉਂਦਾ। ਇਸ ਦਾ ਮਤਲਬ ਇਹ ਹੋਇਆ ਕਿ ਇਨ੍ਹਾਂ ਨੂੰ ਪਾਣੀ ਲਈ ਟਿਊਬਵੈੱਲ, ਹੈਂਡਪੰਪ, ਖੂਹ ਜਾਂ ਵਾਟਰ ਟੈਂਕਰ ਦੇ ਆਸਰੇ ਰਹਿਣਾ ਪੈਂਦਾ ਹੈ।
ਕੋਰੋਨਾ ਵਾਇਰਸ ਦੌਰਾਨ ਹਰ ਕੋਈ ਸਾਬਣ ਨਾਲ ਹੱਥ ਧੋਣ ਲਈ ਕਹਿ ਰਿਹਾ ਹੈ ਪਰ ਇੱਥੇ 60 ਫੀਸਦ ਤੋਂ ਜ਼ਿਆਦਾ ਪਰਿਵਾਰਾਂ 'ਚ ਖਾਣਾ ਖਾਣ ਤੋਂ ਪਹਿਲਾਂ ਹੱਥ ਸਾਬਣ ਨਾਲ ਨਹੀਂ ਧੋਤੇ ਜਾਂਦੇ। ਐਨਐਸਐਸਓ ਦੇ ਇਸ ਸਰਵੇਅ ਮੁਤਾਬਕ ਦੇਸ਼ ਦੇ ਸਿਰਫ਼ 35.8 ਫੀਸਦ ਪਰਿਵਾਰ ਹੀ ਅਜਿਹੇ ਹਨ ਜਿੱਥੇ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣ ਲਈ ਸਾਬਣ ਜਾਂ ਡਿਟਰਜੈਂਟ ਦੀ ਵਰਤੋਂ ਕਰਦੇ ਹਨ ਜਦਕਿ 60.4 ਫੀਸਦ ਪਰਿਵਾਰ ਅਜਿਹੇ ਹਨ ਜਿੱਥੇ ਖਾਣਾ ਖਾਣ ਤੋਂ ਪਹਿਲਾਂ ਸਿਰਫ਼ ਪਾਣੀ ਨਾਲ ਹੱਥ ਧੋਤੇ ਜਾਂਦੇ ਹਨ।
ਯੂਕੇ ਦੀ ਬਰਮਿੰਘਮ ਯੂਨੀਵਰਸਿਟੀ ਨੇ 24 ਮਾਰਚ ਨੂੰ ਇੱਕ ਸਰਵੇਖਣ ਜਾਰੀ ਕੀਤਾ ਸੀ। ਇਸ ਖੋਜ 'ਚ 63 ਦੇਸ਼ ਸ਼ਾਮਲ ਸਨ। ਸਰਵੇਖਣ 'ਚ ਸ਼ਾਮਲ ਲੋਕਾਂ ਤੋਂ ਪੁੱਛਿਆ ਗਿਆ ਕਿ ਉਹ ਮਲ ਤਿਆਗਣ ਤੋਂ ਬਾਅਦ ਹੱਥ ਧੋਂਦੇ ਹਨ ਜਾਂ ਨਹੀਂ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ 'ਚ 40 ਫੀਸਦ ਭਾਰਤੀਆਂ ਨੇ ਮੰਨਿਆ ਕਿ ਉਨ੍ਹਾਂ ਨੂੰ ਟਾਇਲਟ ਜਾਣ ਮਗਰੋਂ ਹੱਥ ਧੋਣ ਦੀ ਆਦਤ ਨਹੀਂ ਹੈ। ਇਸ ਮਾਮਲੇ 'ਚ ਭਾਰਤ 10ਵੇਂ ਨੰਬਰ 'ਤੇ ਸੀ।
ਚੀਨ 'ਚ 77 ਫੀਸਦ ਲੋਕ ਅਜਿਹੇ ਸਨ ਜਿੰਨ੍ਹਾਂ ਨੇ ਸਰਵੇਅ 'ਚ ਟਾਇਲਟ ਜਾਣ ਮਗਰੋਂ ਹੱਥ ਨਾ ਧੋਣ ਦੀ ਗੱਲ ਮੰਨੀ। ਚੀਨ ਤੋਂ ਬਾਅਦ ਜਪਾਨ ਦੇ 70 ਫੀਸਦ, ਦੱਖਣੀ ਕੋਰੀਆ ਦੇ 61 ਫੀਸਦ ਤੇ ਨੀਦਰਲੈਂਡ ਦੇ 50 ਫੀਸਦ ਲੋਕਾਂ ਨੇ ਇਹ ਗੱਲ ਮੰਨੀ ਸੀ। ਸਰਵੇਅ 'ਚ ਅਮਰੀਕਾ ਦਾ ਸਕੋਰ ਸਭ ਤੋਂ ਚੰਗਾ ਰਿਹਾ। ਉੱਥੇ ਦੇ 23 ਫੀਸਦ ਲੋਕਾਂ ਨੇ ਹੀ ਮੰਨਿਆ ਕਿ ਉਹ ਟਾਇਲਟ ਤੋਂ ਬਾਅਦ ਹੱਥ ਨਹੀਂ ਧੋਂਦੇ।
(ਸ੍ਰੋਤ: ਕੌਮਾਂਤਰੀ ਮੀਡੀਆ ਰਿਪੋਰਟਾਂ ਤੇ ਖਬਰ ਏਜੰਸੀਆਂ)
ਭਾਰਤੀ ਕਿੰਝ ਲੜਨਗੇ ਕੋਰੋਨਾ ਨਾਲ ਜੰਗ? ਜੰਗਲ ਪਾਣੀ ਜਾਣ ਮਗਰੋਂ 40 ਫੀਸਦ ਲੋਕ ਨਹੀਂ ਧੋਂਦੇ ਹੱਥ
ਏਬੀਪੀ ਸਾਂਝਾ
Updated at:
04 May 2020 01:49 PM (IST)
ਯੂਕੇ ਦੀ ਬਰਮਿੰਘਮ ਯੂਨੀਵਰਸਿਟੀ ਨੇ 24 ਮਾਰਚ ਨੂੰ ਇੱਕ ਸਰਵੇਖਣ ਜਾਰੀ ਕੀਤਾ ਸੀ। ਇਸ ਖੋਜ 'ਚ 63 ਦੇਸ਼ ਸ਼ਾਮਲ ਸਨ। ਸਰਵੇਖਣ 'ਚ ਸ਼ਾਮਲ ਲੋਕਾਂ ਤੋਂ ਪੁੱਛਿਆ ਗਿਆ ਕਿ ਉਹ ਮਲ ਤਿਆਗਣ ਤੋਂ ਬਾਅਦ ਹੱਥ ਧੋਂਦੇ ਹਨ ਜਾਂ ਨਹੀਂ।
- - - - - - - - - Advertisement - - - - - - - - -