ਨਵੀਂ ਦਿੱਲੀ: ਵਿਦੇਸ਼ਾਂ 'ਚ ਕੈਦ ਭਾਰਤੀਆਂ ਦੀ ਗਿਣਤੀ ਘੱਟ ਨਹੀਂ ਹੈ। ਕੇਂਦਰ ਸਰਕਾਰ ਨੇ ਲੋਕ ਸਭਾ 'ਚ ਇਹ ਅੰਕੜੇ ਜਾਰੀ ਕੀਤੇ ਹਨ। ਲੋਕ ਸਭਾ (Lok Sabha) 'ਚ ਜਾਰੀ ਕੀਤੀ ਗਈ ਸਰਕਾਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਦੇਸ਼ੀ ਜੇਲ੍ਹਾਂ 'ਚ ਕੁੱਲ 8,278 ਭਾਰਤੀ ਕੈਦੀ (Indian Prisoners) ਹਨ। ਇਨ੍ਹਾਂ 'ਚੋਂ 156 ਅਜਿਹੇ ਹਨ, ਜੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।



ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ (V Muraleedharan) ਨੇ ਲੋਕ ਸਭਾ 'ਚ ਦੱਸਿਆ ਕਿ ਸਭ ਤੋਂ ਵੱਧ 1480 ਭਾਰਤੀ ਕੈਦੀ ਸੰਯੁਕਤ ਅਰਬ ਅਮੀਰਾਤ (UAE) 'ਚ ਹਨ। ਉੱਥੇ ਹੀ ਸਭ ਤੋਂ ਵੱਧ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਰਤੀਆਂ ਦੀ ਗਿਣਤੀ ਮਲੇਸ਼ੀਆ (47) 'ਚ ਹੈ। ਦੂਜੇ ਸਥਾਨ 'ਤੇ ਕੁਵੈਤ (28) ਹੈ। ਇਸ ਦੇ ਨਾਲ ਹੀ ਬਹਿਰੀਨ (13) ਤੇ ਚੀਨ (13) ਤੀਜੇ ਨੰਬਰ 'ਤੇ ਹਨ। ਇਸ ਦੇ ਨਾਲ ਹੀ ਉਮਰ ਕੈਦ ਦੀ ਸਜ਼ਾ ਕੱਟ ਰਹੇ 12 ਕੈਦੀਆਂ ਨਾਲ ਓਮਾਨ ਚੌਥੇ ਨੰਬਰ 'ਤੇ ਹੈ।

ਦੁਨੀਆਂ ਦੇ ਕਿਹੜੇ 5 ਵੱਡੇ ਦੇਸ਼ਾਂ ਦੀਆਂ ਜੇਲਾਂ 'ਚ ਕੈਦ ਹਨ ਸਭ ਤੋਂ ਵੱਧ ਭਾਰਤੀ ਕੈਦੀ? ਕੇਂਦਰ ਸਰਕਾਰ ਨੂੰ ਇਸ ਦੀ ਜਾਣਕਾਰੀ ਕਿਵੇਂ ਮਿਲਦੀ ਹੈ ਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕੇਂਦਰ ਕੀ ਕਰ ਰਿਹਾ ਹੈ? ਜਾਣੋ ਇਨ੍ਹਾਂ ਸਵਾਲਾਂ ਦੇ ਜਵਾਬ -

ਇਨ੍ਹਾਂ 5 ਦੇਸ਼ਾਂ 'ਚ ਜ਼ਿਆਦਾਤਰ ਭਾਰਤੀ ਕੈਦੀ
ਲੋਕ ਸਭਾ 'ਚ ਦਿੱਤੇ ਗਏ ਜਵਾਬ ਅਨੁਸਾਰ ਸੰਯੁਕਤ ਅਰਬ ਅਮੀਰਾਤ (UAE) 'ਚ ਸਭ ਤੋਂ ਵੱਧ 1,480 ਭਾਰਤੀ ਕੈਦੀ ਹਨ। ਸਾਊਦੀ ਅਰਬ (1,392) ਦੂਜੇ ਤੇ ਨੇਪਾਲ (1,112) ਤੀਜੇ ਨੰਬਰ 'ਤੇ ਹੈ। ਇਸ ਦੇ ਨਾਲ ਹੀ ਪਾਕਿਸਤਾਨ (701) ਚੌਥੇ ਨੰਬਰ 'ਤੇ ਤੇ ਕਤਰ (473) ਪੰਜਵੇਂ ਨੰਬਰ 'ਤੇ ਹੈ।

ਵਿਦੇਸ਼ਾਂ 'ਚ ਭਾਰਤੀ ਕੈਦੀਆਂ ਬਾਰੇ ਕੇਂਦਰ ਸਰਕਾਰ ਨੂੰ ਕਿਵੇਂ ਮਿਲਦੀ ਜਾਣਕਾਰੀ?
ਲੋਕ ਸਭਾ 'ਚ ਦਿੱਤੀ ਜਾਣਕਾਰੀ ਅਨੁਸਾਰ ਵਿਦੇਸ਼ਾਂ 'ਚ ਮੌਜੂਦ ਭਾਰਤੀ ਮਿਸ਼ਨ/ਕੇਂਦਰ ਉਥੋਂ ਦੀ ਸਰਕਾਰ ਤੋਂ ਇਸ ਬਾਰੇ ਜਾਣਕਾਰੀ ਹਾਸਲ ਕਰਦੇ ਹਨ। ਕਿਸੇ ਭਾਰਤੀ ਕੈਦੀ ਦੀ ਗ੍ਰਿਫ਼ਤਾਰੀ ਜਾਂ ਹਿਰਾਸਤ ਬਾਰੇ ਸੂਚਨਾ ਮਿਲਣ 'ਤੇ ਸਥਾਨਕ ਵਿਦੇਸ਼ ਦਫ਼ਤਰ ਅਤੇ ਸਥਾਨਕ ਅਧਿਕਾਰੀ ਨਾਲ ਸੰਪਰਕ ਕੀਤਾ ਜਾਂਦਾ ਹੈ। ਅਧਿਕਾਰੀ ਨਾਲ ਸੰਪਰਕ ਕਰਕੇ ਗ੍ਰਿਫ਼ਤਾਰੀ ਬਾਰੇ ਅਹਿਮ ਜਾਣਕਾਰੀ ਮੰਗੀ ਜਾਂਦੀ ਹੈ ਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਉਹ ਭਾਰਤੀ ਹੈ ਜਾਂ ਨਹੀਂ। ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਭਾਰਤ ਮਿਸ਼ਨ ਤੇ ਕੇਂਦਰਾਂ 'ਚ ਮੌਜੂਦ ਭਾਰਤੀ ਵਕੀਲ ਉਨ੍ਹਾਂ ਦੀ ਕਾਨੂੰਨੀ ਮਦਦ ਕਰਦੇ ਹਨ।

ਕੈਦੀਆਂ ਨੂੰ ਭਾਰਤ ਵਾਪਸ ਲਿਆਉਣ ਲਈ ਕੇਂਦਰ ਨੇ ਕੀ ਕੀਤਾ?
ਰਿਪੋਰਟ ਮੁਤਾਬਕ ਵਿਦੇਸ਼ੀ ਜੇਲ੍ਹਾਂ 'ਚ ਬੰਦ ਕੈਦੀਆਂ ਨੂੰ ਭਾਰਤ ਲਿਆਉਣ ਲਈ ਦੁਵੱਲਾ ਸਮਝੌਤਾ ਕੀਤਾ ਗਿਆ ਹੈ। ਇਸ ਤਹਿਤ ਜਨਵਰੀ 2020 ਤੋਂ ਫ਼ਰਵਰੀ 2022 ਤੱਕ ਕੈਦੀ ਵਾਪਸੀ ਐਕਟ 2003 ਤਹਿਤ 2 ਭਾਰਤੀ ਨਾਗਰਿਕਾਂ ਨੂੰ ਭਾਰਤ 'ਚ ਬਾਕੀ ਸਜ਼ਾ ਭੁਗਤਣ ਲਈ ਸ੍ਰੀਲੰਕਾ ਤੋਂ ਭਾਰਤ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਜਰਮਨੀ ਤੋਂ 1 ਤੇ ਬੰਗਲਾਦੇਸ਼ ਤੋਂ 2 ਭਾਰਤੀ ਨਾਗਰਿਕਾਂ ਨੂੰ ਭਾਰਤ ਭੇਜਿਆ ਗਿਆ ਹੈ।