ਆਮ ਆਦਮੀ ਪਾਰਟੀ ਦੀ ਪੀਏਸੀ (ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ) ਦੀ ਮੀਟਿੰਗ 27 ਫਰਵਰੀ ਨੂੰ ਹੋਵੇਗੀ। ਮੰਗਲਵਾਰ ਨੂੰ ਹੀ 'ਆਪ' ਦਿੱਲੀ, ਹਰਿਆਣਾ ਅਤੇ ਗੁਜਰਾਤ 'ਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਹੋਣ ਵਾਲੀ ਇਸ ਬੈਠਕ 'ਚ ਲੋਕ ਸਭਾ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਹੋਵੇਗੀ। ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਗੁਜਰਾਤ ਦੀਆਂ ਭਰੂਚ ਅਤੇ ਭਾਵਨਗਰ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਪਾਰਟੀ ਦੇ ਭਰੂਚ ਤੋਂ ਵਿਧਾਇਕ ਚੈਤਰਾ ਵਸਾਵਾ ਅਤੇ ਭਾਵਨਗਰ ਤੋਂ ਉਮੇਸ਼ਭਾਈ ਮਕਵਾਨਾ ਉਮੀਦਵਾਰ ਹਨ।


ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸ਼ਨੀਵਾਰ (24 ਜਨਵਰੀ) ਨੂੰ ਦਿੱਲੀ, ਗੁਜਰਾਤ, ਗੋਆ ਅਤੇ ਹਰਿਆਣਾ ਵਿੱਚ ਸੀਟਾਂ ਦੀ ਵੰਡ ਦਾ ਐਲਾਨ ਕੀਤਾ ਸੀ। ਦਿੱਲੀ 'ਚ 'ਆਪ' ਚਾਰ ਸੀਟਾਂ 'ਤੇ ਅਤੇ ਕਾਂਗਰਸ ਤਿੰਨ ਸੀਟਾਂ 'ਤੇ ਚੋਣ ਲੜੇਗੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਗੁਜਰਾਤ ਦੀ ਭਰੂਚ ਅਤੇ ਭਾਵਨਗਰ ਸੀਟਾਂ ਅਤੇ ਹਰਿਆਣਾ ਦੀ ਕੁਰੂਕਸ਼ੇਤਰ ਲੋਕ ਸਭਾ ਸੀਟ 'ਤੇ ਵੀ ਚੋਣ ਲੜੇਗੀ। ਦੋਵਾਂ ਪਾਰਟੀਆਂ ਨੇ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਵੱਖਰੇ ਤੌਰ 'ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ, ਹਾਲਾਂਕਿ ਚੰਡੀਗੜ੍ਹ ਲੋਕ ਸਭਾ ਹਲਕੇ 'ਤੇ ਕਾਂਗਰਸ ਆਪਣੇ ਉਮੀਦਵਾਰ ਖੜ੍ਹੇ ਕਰੇਗੀ।


'ਆਪ' ਦੱਖਣੀ ਦਿੱਲੀ, ਪੱਛਮੀ ਦਿੱਲੀ, ਪੂਰਬੀ ਦਿੱਲੀ ਅਤੇ ਨਵੀਂ ਦਿੱਲੀ ਲੋਕ ਸਭਾ ਸੀਟਾਂ ਤੋਂ ਉਮੀਦਵਾਰ ਖੜ੍ਹੇ ਕਰੇਗੀ, ਜਦਕਿ ਕਾਂਗਰਸ ਚਾਂਦਨੀ ਚੌਕ, ਉੱਤਰ ਪੱਛਮੀ ਦਿੱਲੀ ਅਤੇ ਉੱਤਰ ਪੂਰਬੀ ਦਿੱਲੀ ਸੀਟਾਂ ਤੋਂ ਚੋਣ ਲੜੇਗੀ। ਦਿੱਲੀ ਵਿੱਚ ਲੋਕ ਸਭਾ ਦੀਆਂ ਸੱਤ ਸੀਟਾਂ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸਾਰੀਆਂ ਸੀਟਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜਿੱਤੀਆਂ ਸਨ।


ਗੁਜਰਾਤ ਵਿੱਚ 26 ਲੋਕ ਸਭਾ ਸੀਟਾਂ ਹਨ। ਕਾਂਗਰਸ 24 ਸੀਟਾਂ 'ਤੇ ਚੋਣ ਲੜੇਗੀ। ਹਰਿਆਣਾ 'ਚ 10 ਲੋਕ ਸਭਾ ਸੀਟਾਂ ਹਨ ਅਤੇ ਕਾਂਗਰਸ ਇਨ੍ਹਾਂ 'ਚੋਂ 9 ਸੀਟਾਂ 'ਤੇ ਚੋਣ ਲੜੇਗੀ। ਪਿਛਲੇ ਕੁਝ ਦਿਨਾਂ ਤੋਂ ਗੁਜਰਾਤ ਦੀ ਭਰੂਚ ਸੀਟ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਤਕਰਾਰ ਚੱਲ ਰਹੀ ਸੀ ਕਿਉਂਕਿ ਕਾਂਗਰਸ ਦੇ ਸੀਨੀਅਰ ਨੇਤਾ ਮਰਹੂਮ ਅਹਿਮਦ ਪਟੇਲ ਦੇ ਪੁੱਤਰ ਫੈਜ਼ਲ ਪਟੇਲ ਅਤੇ ਬੇਟੀ ਮੁਮਤਾਜ਼ ਪਟੇਲ ਇਹ ਸੀਟ ਆਮ ਆਦਮੀ ਪਾਰਟੀ ਨੂੰ ਦੇਣ ਦਾ ਵਿਰੋਧ ਕਰ ਰਹੇ ਸਨ। ਫੈਸਲ ਪਟੇਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਇਹ ਸੀਟ ਆਮ ਆਦਮੀ ਪਾਰਟੀ ਦੇ ਹਿੱਸੇ ਜਾਂਦੀ ਹੈ ਤਾਂ ਉਹ ਅਤੇ ਸਥਾਨਕ ਕਾਂਗਰਸੀ ਵਰਕਰ ‘ਆਪ’ ਉਮੀਦਵਾਰ ਦਾ ਸਮਰਥਨ ਨਹੀਂ ਕਰਨਗੇ।