Adani Agri Fresh Ltd: ਅਡਾਨੀ ਗਰੁੱਪ ਨੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪਿਛਲੇ ਸਾਲ ਦੇ ਮੁਕਾਬਲੇ 1500 ਰੁਪਏ ਕੁਇੰਟਲ ਘੱਟ ਭਾਅ ਉਪਰ ਸੇਬ ਦੀ ਫਸਲ ਖਰੀਦੀ ਜਾ ਰਹੀ ਹੈ। ਕੰਪਨੀ ਦੀ ਮਨਮਾਨੀ ਕਾਰਨ ਸੂਬੇ ਦੇ ਬਾਗਬਾਨਾਂ ਵਿੱਚ ਰੋਸ ਹੈ। ਦੂਜੇ ਪਾਸੇ ਅੱਜਕੱਲ੍ਹ ਮੰਡੀਆਂ ਵਿੱਚ ਚੰਗੀ ਗੁਣਵੱਤਾ ਵਾਲੇ ਸੇਬਾਂ ਦਾ ਔਸਤਨ ਰੇਟ 120 ਤੋਂ 140 ਰੁਪਏ ਪ੍ਰਤੀ ਕਿਲੋ ਹੈ ਪਰ ਕਿਸਾਨਾਂ ਕੋਲੋਂ ਹਾਈ ਕੁਆਲਿਟੀ ਸੇਬ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਜਾ ਰਿਹਾ ਹੈ।
ਦਰਅਸਲ ਹਿਮਾਚਲ ਵਿੱਚ ਸੇਬ ਖਰੀਦਣ ਵਾਲੀ ਸਭ ਤੋਂ ਵੱਡੀ ਕੰਪਨੀ ਅਡਾਨੀ ਐਗਰੋ ਫ੍ਰੈਸ਼ ਲਿਮਟਿਡ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸੀਜ਼ਨ ਲਈ ਸੇਬ ਦੀ ਖਰੀਦ ਦੀ ਕੀਮਤ ਵਿੱਚ ਰਿਕਾਰਡ 15 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਕੀਤੀ ਹੈ। ਸਾਲ 2023 'ਚ ਕੰਪਨੀ ਨੇ ਸੇਬ ਦੀ ਖਰੀਦ ਦੀ ਕੀਮਤ 95 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਸੀ ਪਰ ਇਸ ਵਾਰ ਉੱਚ ਗੁਣਵੱਤਾ ਵਾਲੇ ਸੇਬ ਸਿਰਫ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੇ ਜਾ ਰਹੇ ਹਨ। ਇਸ ਹਿਸਾਬ ਨਾਲ ਕਿਸਾਨਾਂ ਨੂੰ 1500 ਰੁਪਏ ਕੁਇੰਟਲ ਦਾ ਘਾਟਾ ਪੈ ਰਿਹਾ ਹੈ।
ਅਡਾਨੀ ਕੰਪਨੀ ਨੇ ਇਸ ਸਾਲ ਸੇਬ ਦੀ ਖਰੀਦ ਲਗਪਗ 15 ਦਿਨਾਂ ਦੀ ਦੇਰੀ ਨਾਲ ਸ਼ੁਰੂ ਕੀਤੀ ਹੈ। ਆਮ ਤੌਰ 'ਤੇ ਅਡਾਨੀ ਕੰਪਨੀ ਸੇਬਾਂ ਦੇ ਰੇਟ ਪਹਿਲਾਂ ਘੋਸ਼ਿਤ ਕਰਦੀ ਸੀ ਤੇ ਹੋਰ ਪ੍ਰਾਈਵੇਟ ਕੰਪਨੀਆਂ ਬਾਅਦ ਵਿੱਚ ਰੇਟ ਤੈਅ ਕਰਦੀਆਂ ਸਨ। ਇਸ ਵਾਰ ਅਡਾਨੀ ਕੰਪਨੀ ਨੇ ਦੇਵਭੂਮੀ ਕੋਲਡ ਚੇਨ ਤੋਂ ਬਾਅਦ ਸੇਬ ਖਰੀਦਣੇ ਸ਼ੁਰੂ ਕੀਤੀ ਹਨ ਤੇ ਬਾਗਬਾਨਾਂ ਨੂੰ ਦਿੱਤੇ ਗਏ ਸੇਬਾਂ ਦੇ ਰੇਟ ਵੀ ਦੇਵਭੂਮੀ ਕੰਪਨੀ ਦੇ ਬਰਾਬਰ ਹਨ।
ਹਰ ਸਾਲ ਅਡਾਨੀ ਕੰਪਨੀ ਵੱਲੋਂ ਰੇਟ ਐਲਾਨਣ ਤੋਂ ਬਾਅਦ ਖਰੀਦ ਕੇਂਦਰਾਂ 'ਤੇ ਵੱਡੇ-ਵੱਡੇ ਬੈਨਰ ਲਗਾ ਕੇ ਦਰਾਂ ਦਾ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾਂਦਾ ਸੀ ਤੇ ਸੋਸ਼ਲ ਮੀਡੀਆ 'ਤੇ ਵੀ ਇਸ ਦਾ ਕਾਫੀ ਪ੍ਰਚਾਰ ਹੁੰਦਾ ਸੀ ਪਰ ਇਸ ਵਾਰ ਕੰਪਨੀ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਸੇਬ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੀ ਇਸ ਨੀਤੀ ਨੂੰ ਕੀਮਤਾਂ 'ਚ ਭਾਰੀ ਗਿਰਾਵਟ ਨਾਲ ਜੋੜਿਆ ਜਾ ਰਿਹਾ ਹੈ।
ਐਪਲ ਪ੍ਰੋਡਿਊਸਰਜ਼ ਐਸੋਸੀਏਸ਼ਨ ਨੇ ਅਡਾਨੀ ਕੰਪਨੀ ਵੱਲੋਂ ਸੇਬ ਦੀਆਂ ਖਰੀਦ ਕੀਮਤਾਂ 'ਚ 15 ਰੁਪਏ ਦੀ ਕਟੌਤੀ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਯੂਨੀਅਨ ਦੇ ਸੂਬਾ ਕਨਵੀਨਰ ਸੋਹਣ ਸਿੰਘ ਠਾਕੁਰ ਦਾ ਕਹਿਣਾ ਹੈ ਕਿ ਪ੍ਰਾਈਵੇਟ ਕੰਪਨੀਆਂ ਨੇ ਸਰਕਾਰ ਤੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਲੈ ਕੇ ਆਪਣੇ ਸਟੋਰ ਸਥਾਪਤ ਕਰ ਲਏ ਹਨ ਤੇ ਹੁਣ ਬਾਗਬਾਨਾਂ ਦਾ ਸ਼ੋਸ਼ਣ ਕਰਨ ’ਤੇ ਤੁਲੀਆਂ ਹੋਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਦੀ ਮਨਮਾਨੀ ਵਿਰੁੱਧ ਰਣਨੀਤੀ ਤੈਅ ਕਰਨ ਲਈ ਸੋਮਵਾਰ ਨੂੰ ਥੀਓਗ 'ਚ ਮੀਟਿੰਗ ਕੀਤੀ ਜਾਵੇਗੀ। ਦੂਜੇ ਪਾਸੇ ਸਾਂਝੇ ਕਿਸਾਨ ਮੰਚ ਦੇ ਕਨਵੀਨਰ ਹਰੀਸ਼ ਚੌਹਾਨ ਤੇ ਕੋ-ਕਨਵੀਨਰ ਸੰਜੇ ਚੌਹਾਨ ਨੇ ਵੀ ਕਿਹਾ ਹੈ ਕਿ ਉਹ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਦਾ ਮੁੱਦਾ ਸਰਕਾਰ ਕੋਲ ਉਠਾਉਣਗੇ।