13 lakh girls and women missing in India: ਭਾਰਤ ਵਿੱਚ ਔਰਤਾਂ ਦੇ ਗਾਇਬ ਹੋਣ ਦੀਆਂ ਵਾਰਦਾਤਾਂ ਲਗਾਤਾਰ ਵਧ ਗਈਆਂ ਹਨ। ਤਾਜ਼ਾ ਅੰਕੜੇ ਹੋਸ਼ ਉਡਾ ਦੇਣ ਵਾਲੇ ਹਨ। ਦੇਸ਼ ਵਿੱਚ 2019 ਤੋਂ 2021 ਵਿਚਾਲੇ ਤਿੰਨ ਸਾਲਾਂ ਦੌਰਾਨ ਹੀ 13.13 ਲੱਖ ਕੁੜੀਆਂ ਤੇ ਔਰਤਾਂ ਲਾਪਤਾ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਮੱਧ ਪ੍ਰਦੇਸ਼ ਦੀਆਂ ਹਨ। ਲਾਪਤਾ ਔਰਤਾਂ ਦੀ ਗਿਣਤੀ ਦੇ ਲਿਹਾਜ਼ ਨਾਲ ਪੱਛਮੀ ਬੰਗਾਲ ਦੂਜੇ ਸਥਾਨ ’ਤੇ ਹੈ। ਇਹ ਅੰਕੜੇ ਸਰਕਾਰੀ ਹਨ।


ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸੰਸਦ ਵਿੱਚ ਪਿਛਲੇ ਹਫ਼ਤੇ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚੋਂ 2019 ਤੋਂ 2021 ਵਿਚਾਲੇ 18 ਸਾਲ ਤੋਂ ਵੱਧ ਉਮਰ ਦੀਆਂ 10,61,648 ਔਰਤਾਂ ਲਾਪਤਾ ਹੋਈਆਂ ਹਨ ਜਦਕਿ ਇਸੇ ਸਮੇਂ ਦੌਰਾਨ ਦੇਸ਼ ’ਚੋਂ 18 ਸਾਲ ਤੱਕ ਦੀਆਂ 2,51,430 ਕੁੜੀਆਂ ਗਾਇਬ ਹੋਈਆਂ। ਇਹ ਅੰਕੜੇ ਕੌਮੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਨੇ ਜਾਰੀ ਕੀਤੇ ਹਨ। 



ਸੰਸਦ ਨੂੰ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ 2019 ਤੋਂ 2021 ਵਿਚਾਲੇ ਮੱਧ ਪ੍ਰਦੇਸ਼ ਤੋਂ 1,60,180 ਔਰਤਾਂ ਤੇ 38,234 ਕੁੜੀਆਂ ਲਾਪਤਾ ਹੋਈਆਂ ਸਨ। ਇਸੇ ਸਮੇਂ ਦੌਰਾਨ ਪੱਛਮੀ ਬੰਗਾਲ ਤੋਂ 1,56,905 ਔਰਤਾਂ ਤੇ 36,606 ਲੜਕੀਆਂ ਲਾਪਤਾ ਹੋਈਆਂ। ਅੰਕੜਿਆਂ ਮੁਤਾਬਕ 2019 ਤੋਂ 2021 ਵਿਚਾਲੇ ਮਹਾਰਾਸ਼ਟਰ ਤੋਂ 1,78,400 ਔਰਤਾਂ ਤੇ 13,033 ਕੁੜੀਆਂ ਲਾਪਤਾ ਹੋਈਆਂ ਹਨ। ਉੜੀਸਾ ਤੋਂ ਉਕਤ ਤਿੰਨ ਸਾਲਾਂ ਦੌਰਾਨ 70,222 ਔਰਤਾਂ ਤੇ 16,649 ਕੁੜੀਆਂ ਗਾਇਬ ਹੋਈਆਂ ਹਨ ਜਦਕਿ ਛੱਤੀਸਗੜ੍ਹ ਵਿੱਚ ਇਸੇ ਸਮੇਂ ਦੌਰਾਨ 49,116 ਔਰਤਾਂ ਤੇ 10,187 ਕੁੜੀਆਂ ਲਾਪਤਾ ਹੋਈਆਂ। 


ਸੰਸਦ ਵਿੱਚ ਪੇਸ਼ ਅੰਕੜਿਆਂ ਮੁਤਾਬਕ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ ਦਿੱਲੀ ਸਿਖਰ ’ਤੇ ਰਹੀ, ਜਿੱਥੇ ਸਭ ਤੋਂ ਜ਼ਿਆਦਾ ਔਰਤਾਂ ਤੇ ਕੁੜੀਆਂ ਲਾਪਤਾ ਹੋਈਆਂ। ਕੌਮੀ ਰਾਜਧਾਨੀ ’ਚੋਂ 61,054 ਔਰਤਾਂ ਤੇ 22,919 ਕੁੜੀਆਂ 2019 ਤੋਂ 2021 ਵਿਚਾਲੇ ਲਾਪਤਾ ਹੋਈਆਂ ਹਨ। ਜੰਮੂ ਕਸ਼ਮੀਰ ਵਿੱਚ ਇਸ ਸਮੇਂ ਦੌਰਾਨ 8,617 ਔਰਤਾਂ ਤੇ 1,148 ਕੁੜੀਆਂ ਲਾਪਤਾ ਹੋਈਆਂ ਹਨ।


ਸਰਕਾਰ ਨੇ ਸੰਸਦ ਨੂੰ ਸੂਚਿਤ ਕੀਤਾ ਕਿ ਉਸ ਨੇ ਪੂਰੇ ਦੇਸ਼ ’ਚ ਔਰਤਾਂ ਦੀ ਸੁਰੱਖਿਆ ਲਈ ਕਦਮ ਉਠਾਏ ਹਨ ਜਿਨ੍ਹਾਂ ਵਿੱਚ ਜਿਨਸੀ ਅਪਰਾਧਾਂ ਨੂੰ ਰੋਕਣ ਲਈ ਅਪਰਾਧਿਕ ਕਾਨੂੰਨ (ਸੋਧ) ਐਕਟ-2013 ਨੂੰ ਲਾਗੂ ਕਰਨਾ ਸ਼ਾਮਲ ਹੈ। ਸਰਕਾਰ ਨੇ ਦੱਸਿਆ ਕਿ ਉਸ ਤੋਂ ਬਾਅਦ ਅਪਰਾਧਿਕ ਕਾਨੂੰਨ (ਸੋਧ) ਐਕਟ 2018 ਲਾਗੂ ਕੀਤਾ ਗਿਆ, ਜਿਸ ਵਿੱਚ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜਨਾਹ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਸਣੇ ਹੋਰ ਸਖ਼ਤ ਪ੍ਰਬੰਧ ਕੀਤੇ ਗਏ ਹਨ।