ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ/ਭਵਾਨੀ: ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਧੇਰੇ ਪਾਣੀ ਲਈ ਪੰਜਾਬ ਕੋਲ ਜਾਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੇਜਰੀਵਾਲ ਸਰਕਾਰ ਦੇ ਹਰਿਆਣਾ ਵੱਲੋਂ ਦਿੱਲੀ ਦੇ ਪਾਣੀ ਵਿੱਚ ਕਟੌਤੀ ਕਰਨ ਦੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ।
ਹਰਿਆਣਾ ਦੇ ਖੇਤੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਸੂਬੇ ਵਿੱਚ ਪੀਣ ਵਾਲੇ ਤੇ ਸਿੰਜਾਈਯੋਗ ਪਾਣੀ ਦੀ ਕਿੱਲਤ ਹੈ ਪਰ ਫਿਰ ਵੀ ਦਿੱਲੀ ਨੂੰ ਪਾਣੀ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਮਜੌਤੇ ਤਹਿਤ ਹਰਿਆਣਾ 1049 ਕਿਊਸਕ ਪਾਣੀ ਦਿੱਲੀ ਨੂੰ ਦੇ ਰਿਹਾ ਹੈ। ਖੇਤੀ ਮੰਤਰੀ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਕਿਸੇ ਨਾ ਕਿਸੇ ਬਹਾਨੇ ਹਰਿਆਣਾ ਨੂੰ ਬਦਨਾਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪਰਾਲੀ ਤੇ ਧੂੰਏਂ ਦੇ ਮੁੱਦੇ 'ਤੇ ਕੇਜਰੀਵਾਲ ਸਰਕਾਰ ਨੇ ਹਰਿਆਣਾ ਨੂੰ ਬਦਨਾਮ ਕੀਤਾ ਤੇ ਫਿਰ ਤਾਜ਼ਾ ਮਾਮਲਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਆਕਸੀਜਨ ਦੀ ਕਮੀ ਵੇਲੇ ਵੀ ਕੇਜਰੀਵਾਲ ਨੇ ਝੂਠ ਬੋਲਿਆ।
ਮੰਤਰੀ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਨੇ ਝੂਠ ਬੋਲ ਕੇ ਆਪਣੀ ਲੋੜ ਨਾਲੋਂ ਤਿੰਨ ਗੁਣਾ ਵੱਧ ਆਕਸੀਜਨ ਹਾਸਲ ਤਾਂ ਕਰ ਲਈ ਪਰ ਉਨ੍ਹਾਂ ਕੋਲ ਉਸ ਨੂੰ ਰੱਖਣ ਦੀ ਥਾਂ ਵੀ ਨਹੀਂ ਸੀ। ਉਨ੍ਹਾਂ ਆਖਿਆ ਕਿ ਦਿੱਲੀ ਨੂੰ ਹੁਣ ਵੀ ਹਰਿਆਣਾ ਸਮਝੌਤੇ ਤਹਿਤ 719 ਤੇ ਸੁਪਰੀਮ ਕੋਰਟ ਹੁਕਮਾਂ ਤਹਿਤ 330 ਕਿਊਸਕ ਵਾਧੂ ਪਾਣੀ ਦੇ ਰਿਹਾ ਹੈ। ਜੇਪੀ ਦਲਾਲ ਨੇ ਕੇਜਰੀਵਾਲ ਸਰਕਾਰ ਨੂੰ ਨਸੀਹਤ ਦਿੱਤੀ ਕਿ ਜੇਕਰ ਕੇਜਰੀਵਾਲ ਨੂੰ ਇਹ ਪਾਣੀ ਵੀ ਥੋੜ੍ਹਾ ਲੱਗਦਾ ਹੈ ਤਾਂ ਹਰਿਆਣਾ ਨੂੰ ਬਦਨਾਮ ਕਰਨ ਦੀ ਸਿਆਸਤ ਬੰਦ ਕਰ ਕੇ ਪੰਜਾਬ ਕੋਲੋਂ ਹਰਿਆਣਾ ਦੇ ਹੱਕ ਦਾ ਪਾਣੀ ਮੰਗੇ।
ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ 'ਤੇ ਲੰਮੇ ਸਮੇਂ ਤੋਂ ਆਹਮੋ-ਸਾਹਮਣੇ ਹਨ। ਆਉਂਦੇ ਵਰ੍ਹੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹਨ ਤੇ ਇਸ ਮੌਕੇ ਅਜਿਹੇ ਸੰਵੇਦਨਸ਼ੀਲ ਮੁੱਦੇ ਫਿਰ ਤੋਂ ਗਰਮਾਉਣੇ ਸ਼ੁਰੂ ਹੋ ਗਏ ਹਨ।
ਇਨਪੁੱਟ: ਕਿਸ਼ਨ ਸਿੰਘ