ਬੰਗਲੂਰੂ: ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ (Union Agriculture Minister Narendra Tomar) ਨੇ ਕਿਸਾਨਾਂ ਬਾਰੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਵਿਚੋਲਿਆਂ ਦੇ ਚੁੰਗਲ ’ਚੋਂ ਕੱਢਿਆ ਜਾਵੇਗਾ। ਯਾਦ ਰਹੇ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ (Agrarian Law) ਲਿਆਉਣ ਪਿੱਛੇ ਵੀ ਕਿਸਾਨਾਂ ਨੂੰ ਵਿਚੋਲਿਆਂ ਦੇ ਚੁੰਗਲ ’ਚੋਂ ਕੱਢਣ ਦਾ ਤਰਕ ਦਿੱਤਾ ਸੀ। 


ਬੰਗਲੂਰੂ ਵਿੱਚ ਵੀਰਵਾਰ ਨੂੰ ਸ਼ੁਰੂ ਹੋਈ ਦੋ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਇਜਲਾਸ ਨੂੰ ਸੰਬੋਧਨ ਕਰਦਿਆਂ ਤੋਮਰ ਨੇ ਖੇਤੀ ਸੁਧਾਰਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਡਿਜੀਟਲ’ ਖੇਤੀ ਨੂੰ ਹੁਲਾਰਾ ਦੇ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਮੰਡੀ ਵਿਚ ਨਾ ਜਾਣਾ ਪਵੇ ਤੇ ਕਿਸਾਨਾਂ ਦੀ ਵਿਚੋਲਿਆਂ ’ਤੇ ਟੇਕ ਘਟਾਈ ਜਾ ਸਕੇ। 



ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਖੇਤੀ ਸੈਕਟਰ ’ਚ ਸੁਧਾਰਾਂ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਵਪਾਰ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ਖੇਤੀ ਉਤਪਾਦਾਂ ਲਈ ਆਨਲਾਈਨ ਟਰੇਡਿੰਗ ਪਲੇਟਫ਼ਾਰਮ ਖੜ੍ਹਾ ਕੀਤਾ ਜਾ ਰਿਹਾ ਹੈ ਜਿਸ ਲਈ ਈ-ਨਾਮ (ਨੈਸ਼ਨਲ ਐਗਰੀਕਲਚਰ ਮਾਰਕੀਟ) ਵਿੱਚ ਸੁਧਾਰ ਕੀਤੇ ਜਾ ਰਹੇ ਹਨ। 


ਉਨ੍ਹਾਂ ਦੱਸਿਆ ਕਿ ਹੁਣ ਤੱਕ ਇੱਕ ਹਜ਼ਾਰ ਖੇਤੀ ਮੰਡੀਆਂ ਨੂੰ ਈ-ਨਾਮ ਪ੍ਰੋਜੈਕਟ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਉਤਪਾਦ ਨੂੰ ਟਰੈਕ ਕਰਨ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਜੇ ਫ਼ਸਲਾਂ ਦਾ ਡੇਟਾ ਬੇਸ ਸਰਕਾਰ ਕੋਲ ਹੋਵੇਗਾ ਤਾਂ ਕੁਦਰਤੀ ਆਫ਼ਤਾਂ ਨਾਲ ਹੋਣ ਵਾਲੇ ਫ਼ਸਲੀ ਨੁਕਸਾਨ ਦਾ ਸਰਕਾਰ ਫ਼ੌਰੀ ਮੁਆਵਜ਼ਾ ਮੁਹੱਈਆ ਕਰਵਾ ਸਕਦੀ ਹੈ। 



ਉਨ੍ਹਾਂ ਛੋਟੀ ਕਿਸਾਨੀ ਦੇ ਜੀਵਨ ਪੱਧਰ ’ਚ ਬਦਲਾਓ ਲਈ ਕੇਂਦਰ ਤੇ ਸੂਬਾ ਸਰਕਾਰਾਂ ਦੇ ਆਪਸੀ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਖਾਦਾਂ ਵਿੱਚ ਵੀ ਦੇਸ਼ ਨੂੰ ਆਤਮ-ਨਿਰਭਰ ਹੋਣਾ ਪਵੇਗਾ ਤਾਂ ਜੋ ਮੁਲਕ ਨੂੰ ਖਾਦਾਂ ਦੀ ਦਰਾਮਦ ’ਤੇ ਟੇਕ ਨਾ ਰੱਖਣੀ ਪਏ। ਉਨ੍ਹਾਂ ਨੈਨੋ ਖਾਦ ਦੀ ਵਕਾਲਤ ਕਰਦਿਆਂ ਸੂਬਾ ਸਰਕਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ।