Israel-Palestine Conflict: ਇਜ਼ਰਾਈਲ ਤੇ ਫਲਸਤੀਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਏਅਰ ਇੰਡੀਆ ਨੇ ਇਜ਼ਰਾਈਲ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, ਸਾਡੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਲਈ ਤੇਲ ਅਵੀਵ, ਇਜ਼ਰਾਈਲ ਤੋਂ ਏਅਰ ਇੰਡੀਆ ਦੀਆਂ ਉਡਾਣਾਂ 14 ਅਕਤੂਬਰ ਤੱਕ ਮੁਅੱਤਲ ਰਹਿਣਗੀਆਂ।


ਇਸ ਸਮੇਂ ਦੌਰਾਨ, ਜਿਨ੍ਹਾਂ ਲੋਕਾਂ ਨੇ ਪੁਸ਼ਟੀ ਕੀਤੀ ਬੁਕਿੰਗ ਕੀਤੀ ਸੀ, ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਏਅਰ ਇੰਡੀਆ ਹਰ ਹਫ਼ਤੇ ਤੇਲ ਅਵੀਵ ਲਈ 5 ਉਡਾਣਾਂ ਚਲਾਉਂਦੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਨਵੀਂ ਦਿੱਲੀ ਤੋਂ ਤੇਲ ਅਵੀਵ ਜਾਣ ਵਾਲੀ ਫਲਾਈਟ ਨੰਬਰ AI 139 ਅਤੇ ਵਾਪਸੀ ਫਲਾਈਟ AI 140 ਨੂੰ ਰੱਦ ਕਰ ਦਿੱਤਾ ਗਿਆ ਸੀ।


ਹਮਾਸ ਨੇ ਇਜ਼ਰਾਈਲ 'ਤੇ ਕੀਤਾ ਹਮਲਾ 


ਸ਼ਨੀਵਾਰ 6 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ। ਉਦੋਂ ਤੋਂ ਦੋਵਾਂ ਧਿਰਾਂ ਵਿਚਾਲੇ ਜੰਗ ਜਾਰੀ ਹੈ। ਇਸ ਜੰਗ ਵਿੱਚ ਹੁਣ ਤੱਕ ਇਜ਼ਰਾਈਲ ਵਿੱਚ ਕਰੀਬ 300 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 1590 ਲੋਕ ਜ਼ਖ਼ਮੀ ਹੋ ਚੁੱਕੇ ਹਨ। ਇਸ ਦੇ ਨਾਲ ਹੀ ਗਾਜ਼ਾ ਵਿੱਚ ਵੀ 232 ਲੋਕਾਂ ਦੀ ਮੌਤ ਹੋ ਗਈ ਅਤੇ 1790 ਲੋਕ ਜ਼ਖਮੀ ਹੋ ਗਏ। ਗਾਜ਼ਾ ਵਿੱਚ ਮੌਜੂਦ ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਵਿੱਚ 256 ਫਲਸਤੀਨੀ ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 20 ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 1788 ਫਲਸਤੀਨੀ ਵੀ ਜ਼ਖਮੀ ਹੋਏ ਹਨ।


ਇਜ਼ਰਾਇਲੀ ਫੌਜ ਨੇ ਕੀਤੀ ਜਵਾਬੀ ਕਾਰਵਾਈ


ਇਸ ਦੇ ਨਾਲ ਹੀ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਦੇ ਹਮਲੇ ਨੂੰ ਲੈ ਕੇ ਜੰਗ ਦਾ ਐਲਾਨ ਕਰਦੇ ਹੋਏ ਕਿਹਾ ਕਿ ਦੁਸ਼ਮਣਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਜ਼ਰਾਇਲੀ ਫੌਜ ਮੁਤਾਬਕ ਹਮਾਸ ਦੇ ਕੱਟੜਪੰਥੀਆਂ ਨੇ ਗਾਜ਼ਾ ਪੱਟੀ ਤੋਂ 2 ਹਜ਼ਾਰ ਤੋਂ ਵੱਧ ਰਾਕੇਟ ਦਾਗੇ। ਜਵਾਬ ਵਿੱਚ ਫੌਜ ਨੇ ਗਾਜ਼ਾ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਇੱਕ ਟਾਵਰ ਨੂੰ ਢਾਹ ਦਿੱਤਾ। ਇਜ਼ਰਾਇਲੀ ਫੌਜ ਨੇ ਕਿਹਾ ਕਿ ਹਮਾਸ ਨੇ ਹਵਾਈ ਅਤੇ ਸਮੁੰਦਰੀ ਸਰਹੱਦ 'ਤੇ 7 ਥਾਵਾਂ ਤੋਂ ਘੁਸਪੈਠ ਕੀਤੀ ਸੀ।