Amarnath Yatra 2023 : ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਹੋ ਚੁੱਕੀ ਹੈ। ਜਿੱਥੇ ਸ਼ੁੱਕਰਵਾਰ (30 ਜੂਨ) ਨੂੰ ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਰਵਾਨਾ ਹੋਇਆ ਸੀ, ਓਥੇ ਹੀ ਸ਼ਨੀਵਾਰ (1 ਜੁਲਾਈ) ਨੂੰ ਯਾਨੀ ਅੱਜ ਦੂਜਾ ਜੱਥਾ ਵੀ ਰਵਾਨਾ ਹੋਇਆ ਹੈ। ਇਸ ਦੌਰਾਨ 300 ਦੇ ਕਰੀਬ ਯਾਤਰੀ ਠੱਗੀ ਦਾ ਸ਼ਿਕਾਰ ਹੋ ਕੇ ਜੰਮੂ 'ਚ ਫਸ ਗਏ ਹਨ ਕਿਉਂਕਿ ਅਮਰਨਾਥ ਯਾਤਰਾ 'ਚ ਆਨਲਾਈਨ ਠੱਗੀ ਹੋ ਰਹੀ ਹੈ। ਇਹ ਯਾਤਰੀ ਉੱਤਰ ਪ੍ਰਦੇਸ਼, ਦਿੱਲੀ ਅਤੇ ਗਾਜ਼ੀਆਬਾਦ ਤੋਂ ਜੰਮੂ ਪਹੁੰਚੇ ਸਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਕੁਝ ਟੂਰ ਆਪਰੇਟਰਾਂ ਨੇ ਅਮਰਨਾਥ ਯਾਤਰਾ ਲਈ ਆਨਲਾਈਨ ਪੈਕੇਜ ਦੇ ਨਾਂ 'ਤੇ ਜਾਅਲੀ ਰਜਿਸਟ੍ਰੇਸ਼ਨ ਕਰਵਾ ਕੇ ਇਨ੍ਹਾਂ ਯਾਤਰੀਆਂ ਨੂੰ ਠੱਗਿਆ ਹੈ।

 

ANI ਮੁਤਾਬਕ ਯਾਤਰੀਆਂ ਨੇ ਦੱਸਿਆ ਕਿ ਦਸਤਾਵੇਜ਼ਾਂ ਦੇ ਨਾਂ 'ਤੇ ਹਰੇਕ ਯਾਤਰੀ ਤੋਂ 7000 ਰੁਪਏ ਲਏ ਗਏ ਸਨ ਪਰ ਜਦੋਂ ਯਾਤਰੀ ਅਮਰਨਾਥ ਯਾਤਰਾ 'ਤੇ ਜਾਣ ਲਈ ਜੰਮੂ ਪਹੁੰਚੇ ਤਾਂ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਪਤਾ ਲੱਗਾ ਕਿ ਟੂਰ ਆਪਰੇਟਰ ਨੇ ਜੋ ਦਸਤਾਵੇਜ਼ ਸੌਂਪੇ ਸਨ , ਉਹ ਸਾਰੇ ਫਰਜ਼ੀ ਸਨ। ਇਸ ਸਾਰੀ ਘਟਨਾ ਤੋਂ ਬਾਅਦ ਠੱਗੀ ਦਾ ਸ਼ਿਕਾਰ ਹੋਏ ਯਾਤਰੀਆਂ ਸਦਮੇ 'ਚ ਹੈ। ਦਰਅਸਲ, ਇਹ ਸਾਰੇ ਸ਼ਰਧਾਲੂ RFID ਕਾਰਡ ਲੈਣ ਲਈ ਰਜਿਸਟ੍ਰੇਸ਼ਨ ਕੇਂਦਰਾਂ 'ਤੇ ਪਹੁੰਚੇ ਸਨ ਅਤੇ ਸ਼ਰਾਈਨ ਬੋਰਡ ਦੇ ਪੋਰਟਲ 'ਤੇ ਕੋਈ ਡਾਟਾ ਨਹੀਂ ਮਿਲਿਆ। ਜਿਸ ਤੋਂ ਬਾਅਦ ਜੰਮੂ ਅਤੇ ਕਠੂਆ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਕਿਵੇਂ ਹੋਇਆ ਖ਼ੁਲਾਸਾ ?

ਜੰਮੂ-ਕਸ਼ਮੀਰ ਦੇ ਡਿਪਟੀ ਕਮਿਸ਼ਨਰ ਅਵਨੀ ਲਵਾਸਾ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਉਨ੍ਹਾਂ ਯਾਤਰੀਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਅਮਰਨਾਥ ਯਾਤਰਾ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਹੀ ਰਜਿਸਟਰ ਕਰੋ। ਕਠੂਆ ਪ੍ਰਸ਼ਾਸਨ ਮੁਤਾਬਕ ਈ-ਕੇਵਾਈਸੀ ਵੈਰੀਫਿਕੇਸ਼ਨ ਅਤੇ ਆਰਐਫਆਈਡੀ ਕਾਰਡ ਜਾਰੀ ਕਰਨ ਸਮੇਂ ਧੋਖਾਧੜੀ ਦਾ ਪਤਾ ਲੱਗਾ ਹੈ। ਧੋਖਾਧੜੀ ਕਰਨ ਵਾਲੀ ਟਰੈਵਲ ਏਜੰਸੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਮਾਮਲਾ ਪੁਲੀਸ ਪ੍ਰਸ਼ਾਸਨ ਨੂੰ ਸੌਂਪਿਆ ਗਿਆ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਸੇ ਵੀ ਫਰਜ਼ੀ ਟਰੈਵਲ ਏਜੰਸੀ ਨੂੰ ਪਰਮਿਟ ਜਾਰੀ ਕਰਨ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।