ਨਵੀਂ ਦਿੱਲੀ: ਦਿੱਲੀ 'ਚ ਕੋਰੋਨਾ ਵਾਇਰਸ ਕਾਰਨ ਹਾਲਾਤ ਲਗਾਤਾਰ ਵਿਗੜ ਰਹੇ ਹਨ। ਮਰੀਜ਼ਾਂ ਦੀ ਗਿਣਤੀ ਤੇ ਮੌਤਾਂ 'ਚ ਇਜ਼ਾਫਾ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਬੈਠਕ ਕੀਤੀ ਤੇ ਬਾਅਦ 'ਚ ਅਚਾਨਕ LNJP ਹਸਪਤਾਲ ਦਾ ਦੌਰਾ ਕੀਤਾ।


ਜਿੱਥੇ ਉਨ੍ਹਾਂ ਹਸਪਤਾਲ ਦੇ ਵੱਡੇ ਡਾਕਟਰਾਂ ਤੇ ਅਧਿਕਾਰੀਆਂ ਨਾਲ ਬੈਠਕ ਕਰਕੇ ਕੋਰੋਨਾ ਮਰੀਜ਼ਾਂ ਸਬੰਧੀ ਹਸਪਤਾਲ ਦੀਆਂ ਸੁਵਿਧਾਵਾਂ ਦੀ ਸਮੀਖਿਆ ਕੀਤੀ। ਹਸਪਤਾਲ ਦਾ ਦੌਰਾ ਕਰਨ ਮਗਰੋਂਸ਼ਾਹ ਨੇ ਦਿੱਲੀ ਦੇ ਮੁੱਖ ਸਕੱਤਰ ਨੂੰ ਇੱਥੋਂ ਦੇ ਸਾਰੇ ਹਸਪਤਾਲਾ ਦੇ ਕੋਰੋਨਾ ਵਾਰਡ ਚ ਸੀਸੀਟੀਵੀ ਕੈਮਰੇ ਲਵਾਉਣ ਤੇ ਮਰੀਜ਼ਾਂ ਨੂੰ ਬਿਨਾਂ ਰੁਕਾਵਟ ਦੇ ਖਾਣਾ ਮੁਹੱਈਆ ਕਰਾਉਣ ਦੇ ਆਦੇਸ਼ ਦਿੱਤੇ।


ਅਮਿਤ ਸ਼ਾਹ ਨੇ ਕਿਹਾ "ਪੀਐਮ ਮੋਦੀ ਦੀ ਅਗਵਾਈ 'ਚ ਭਾਰਤ ਕੋਰੋਨਾ ਵਾਇਰਸ ਨਾਲ ਇਕੱਠੇ ਹੋਕੇ ਲੜ੍ਹ ਰਿਹਾ ਹੈ। ਕੇਂਦਰ ਸਰਕਾਰ ਲੋੜਵੰਦ ਲੋਕਾਂ ਦੀ ਮਦਦ ਕਰਨ 'ਚ ਕੋਈ ਕਸਰ ਨਹੀਂ ਛੱਡੇਗੀ।"


ਦਿੱਲੀ 'ਚ ਕੋਰੋਨਾ ਵਾਇਰਸ ਕਾਰਨ ਵਿਗੜ ਰਹੇ ਹਾਲਾਤ ਤੇ ਇਸ 'ਤੇ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਅਮਿਤ ਸ਼ਾਹ ਨੇ ਦਿੱਲੀ 'ਚ ਕੋਰੋਨਾ ਖਿਲਾਫ ਜੰਗ ਦੀ ਕਮਾਨ ਸਾਂਭ ਲਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ 20 ਜੂਨ ਤੋਂ ਦਿੱਲੀ ਸਰਕਾਰ ਰੋਜ਼ਾਨਾ 18000 ਟੈਸਟ ਕਰੇਗੀ।


ਸੋਮਵਾਰ ਸ਼ਾਮ ਤਕ ਦਿੱਲੀ 'ਚ ਕੋਰੋਨਾ ਵਾਇਰਸ ਦੇ ਕੁੱਲ 41,182 ਮਾਮਲੇ ਸਨ ਜਿੰਨ੍ਹਾਂ 'ਚੋਂ 24000 ਤੋਂ ਵੱਧ ਐਕਟਿਵ ਕੇਸ ਹਨ। ਕੋਰੋਨਾ ਵਾਇਰਸ ਕਾਰਨ ਦਿੱਲੀ 'ਚ ਹੁਣ ਤਕ 13,27 ਲੋਕਾਂ ਦੀ ਮੌਤ ਹੋ ਚੁੱਕੀ ਹੈ।