Punjab News: ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਗੁਰਦਾਸਪੁਰ 'ਚ ਵਿਕਾਸ ਕ੍ਰਾਂਤੀ ਰੈਲੀ 'ਚ ਸ਼ਿਰਕਤ ਕੀਤੀ।


ਇਸ ਦੌਰਾਨ ਉਨ੍ਹਾਂ 1854 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਸ਼ੁਰੂ ਕੀਤੀਆਂ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਟਰਮੀਨਲ ਦਾ ਉਦਘਾਟਨ ਕੀਤਾ। ਇਸ ਮੌਕੇ ਕੇਜਰੀਵਾਲ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਲੋਕ ਖੁਸ਼ ਹਨ ਅਤੇ ਸਾਨੂੰ ਭਰੋਸਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸੂਬੇ ਦੀਆਂ 14 ਲੋਕ ਸਭਾ ਸੀਟਾਂ ਵਿੱਚੋਂ 13 ਸੀਟਾਂ ’ਤੇ ‘ਆਪ’ ਜਿੱਤੇਗੀ।


ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਅਸੀਂ ਇੱਥੇ 1854 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਉਸ ਕੰਮ ਵਿੱਚ ਪੈਸਾ ਲਗਾਉਂਦੇ ਹਾਂ ਜਿਸ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਦੇ ਕਹਿਣ 'ਤੇ ਆਪਣਾ ਰਾਜ ਨਹੀਂ ਚਲਾਵਾਂਗੇ। ਪੰਜਾਬ ਹੌਲੀ-ਹੌਲੀ ਆਪਣੇ ਪੈਰਾਂ 'ਤੇ ਖੜ੍ਹਾ ਹੋ ਰਿਹਾ ਹੈ। ਪੰਜਾਬ ਵਿੱਚ ਕੁਝ ਹੀ ਮਹੀਨਿਆਂ ਵਿੱਚ ਰਿਕਾਰਡ ਤੋੜ ਵਿਕਾਸ ਹੋਇਆ ਹੈ।




ਇਹ ਵੀ ਪੜ੍ਹੋ: Australia Visa: ਪੰਜਾਬ ਬੋਰਡ ਦੇ ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਆਸਟ੍ਰੇਲੀਆ ਦਾ ਵੀਜ਼ਾ, 50 ਫੀਸਦੀ ਅਰਜ਼ੀਆਂ ਰੱਦ


ਮਾਨ ਨੇ ਸਨੀ ਦਿਓਲ ‘ਤੇ ਸਾਧਿਆ ਨਿਸ਼ਾਨਾ


ਇਸ ਦੌਰਾਨ ਸੀਐਮ ਮਾਨ ਨੇ ਅਦਾਕਾਰ ਅਤੇ ਗੁਰਦਾਸਪੁਰ ਤੋਂ ਬੀਜੇਪੀ ਸੰਸਦ ਸੰਨੀ ਦਿਓਲ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਆਪਣੀ ਫਿਲਮ ਦੀ ਸਫਲਤਾ ਲਈ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ, ਪਰ 40 ਕਿਲੋਮੀਟਰ ਪੈਦਲ ਚੱਲ ਕੇ ਗੁਰਦਾਸਪੁਰ ਨਹੀਂ ਆਏ।


ਸੀਐਮ ਮਾਨ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪਾਰਟੀ ਹੈ। 'ਆਪ' ਬਹੁਤ ਥੋੜ੍ਹੇ ਸਮੇਂ 'ਚ ਹੀ ਰਾਸ਼ਟਰੀ ਪਾਰਟੀ ਬਣ ਗਈ ਹੈ। 'ਆਪ' ਇਕ ਸੋਚ ਅਤੇ ਬਦਲਾਅ ਦਾ ਨਾਂ ਹੈ। ਪਿਛਲੀਆਂ ਸਰਕਾਰਾਂ ਵਿੱਚ ਸੜਕਾਂ ਸਿਰਫ਼ ਕਾਗਜ਼ਾਂ ’ਤੇ ਹੀ ਬਣੀਆਂ ਸਨ। AI ਤਕਨੀਕ ਰਾਹੀਂ ਅਸੀਂ 540 ਕਿਲੋਮੀਟਰ ਸੜਕਾਂ ਲੱਭੀਆਂ ਜੋ ਸਿਰਫ਼ ਕਾਗਜ਼ਾਂ 'ਤੇ ਹੀ ਸਨ।


ਇਹ ਵੀ ਪੜ੍ਹੋ: Punjab news: ਪ੍ਰਤਾਪ ਬਾਜਵਾ ਨੇ 'ਆਪ' ਨੂੰ ਕੀਤਾ ਸਵਾਲ, ਰੈਲੀ 'ਚ ਵਰਤੀਆਂ ਗਈਆਂ ਬੱਸਾਂ ਲਈ ਪੈਸੇ ਕਿਹੜੇ ਖਾਤੇ ਚੋਂ ਆਏ...?