Arvind Kejriwal : ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਵਿਧਾਨ ਸਭਾ ਚੋਣਾਂ ਵਿੱਚ ਹਾਰ ਕੇ ਵੀ ਆਮ ਆਦਮੀ ਪਾਰਟੀ ਖੁਸ਼ ਹੈ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਚੋਣਾਂ ਵਿੱਚ ਵੋਟ ਫੀਸਦੀ ਹਾਸਲ ਕਰਨ ਮਗਰੋਂ 'ਆਪ' ਕੌਮੀ ਪਾਰਟੀ ਬਣ ਗਈ ਹੈ। ਇਸ ਲਈ ਆਮ ਆਦਮੀ ਪਾਰਟੀ ਦੇ ਲੀਡਰ ਵਧਾਈਆਂ ਦੇ ਰਹੇ ਹਨ। ਇਹ ਵੀ ਅਹਿਮ ਹੈ ਕਿ ਆਮ ਆਦਮੀ ਪਾਰਟੀ ਨੇ ਸਿਰਫ 10 ਸਾਲ ਵਿੱਚ ਹੀ ਕੌਮੀ ਸਿਆਸਤ ਵਿੱਚ ਧਾਂਕ ਜਮ੍ਹਾ ਲਈ ਹੈ।


ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜ ਸੀਟਾਂ ਜਿੱਤੇ ਜਾਣ ’ਤੇ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੁਣ ਕੌਮੀ ਪਾਰਟੀ ਬਣ ਗਈ ਹੈ। ਇਹ ਯਾਦ ਕਰਦੇ ਹੋਏ ਕਿ ਕਿਵੇਂ ‘ਆਪ’ ਨੇ 10 ਸਾਲ ਪਹਿਲਾਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਤੇ 10 ਸਾਲਾਂ ਦੇ ਅਰਸੇ ਵਿੱਚ ਦੋ ਸੂਬਿਆਂ ਦਿੱਲੀ ਤੇ ਪੰਜਾਬ ਵਿੱਚ ਸਰਕਾਰਾਂ ਬਣਾਈਆਂ ਹਨ। 




ਉਨ੍ਹਾਂ ਪਾਰਟੀ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਉਣ ਤੇ ਪਾਰਟੀ ਨੂੰ ਕੌਮੀ ਦਰਜਾ ਦਿਵਾਉਣ ਲਈ ਗੁਜਰਾਤ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ।  ਕੇਜਰੀਵਾਲ ਨੇ ਇਕ ਵੀਡੀਓ ਸੁਨੇਹੇ ਵਿੱਚ ਕਿਹਾ, ‘‘ਅੱਜ ਗੁਜਰਾਤ ਚੋਣਾਂ ਦੇ ਨਤੀਜੇ ਆ ਗਏ ਹਨ ਤੇ ‘ਆਪ’ ਇਕ ਕੌਮੀ ਪਾਰਟੀ ਬਣ ਗਈ ਹੈ। 10 ਸਾਲ ਪਹਿਲਾਂ ‘ਆਪ’ ਇੱਕ ਛੋਟੀ ਪਾਰਟੀ ਸੀ ਤੇ ਹੁਣ 10 ਸਾਲਾਂ ਬਾਅਦ ਇਸ ਦੀ ਦੋ ਸੂਬਿਆਂ ਵਿੱਚ ਸਰਕਾਰ ਬਣ ਗਈ ਹੈ।’’ 


‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੋਣ ਪ੍ਰਚਾਰ ਦੌਰਾਨ ਚਿੱਕੜ ਉਛਾਲਣ ਵਿੱਚ ਸ਼ਾਮਲ ਨਹੀਂ ਹੋਈ ਤੇ ਸਿਰਫ ਪੰਜਾਬ, ਦਿੱਲੀ ਵਿੱਚ ਪਾਰਟੀ ਵੱਲੋਂ ਕੀਤੇ ਕੰਮਾਂ ਦੀ ਗੱਲ ਕੀਤੀ ਹੈ। ਗੁਜਰਾਤ ਚੋਣ ਨਤੀਜਿਆਂ ’ਤੇ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਬਹੁਤ ਘੱਟ ਪਾਰਟੀਆਂ ਨੂੰ ਕੌਮੀ ਪਾਰਟੀ ਦਾ ਦਰਜਾ ਮਿਲਦਾ ਹੈ, ਸਾਡੀ ਨੌਜਵਾਨ ਪਾਰਟੀ ਹੁਣ ਉਨ੍ਹਾਂ ਵਿੱਚੋਂ ਇੱਕ ਹੈ।’’ 


ਉਨ੍ਹਾਂ ਕਿਹਾ, ‘‘ਗੁਜਰਾਤ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ। ਕਿਲ੍ਹਾ ਭੇਦਣ ਵਿੱਚ ਸਫਲ ਹੋਏ ਤੇ ਅਗਲੀ ਵਾਰ ਜਿੱਤਣ ਵਿੱਚ ਸਫਲ ਹੋਵਾਂਗੇ। ‘ਆਪ’ ਨੂੰ 13 ਫੀਸਦ ਮਤਲਬ 39 ਲੱਖ ਵੋਟਾਂ ਮਿਲੀਆਂ ਹਨ, ਜਿਸ ਨਾਲ ਇਹ ਕੌਮੀ ਪਾਰਟੀ ਬਣ ਗਈ ਹੈ ਅਤੇ ਦੇਸ਼ ਵਿੱਚ ਕੁੱਝ ਹੀ ਪਾਰਟੀਆਂ ਕੌਮੀ ਦਰਜਾ ਰੱਖਦੀਆਂ ਹਨ। ਜਦੋਂ ਲੋਕ ਸੁਣਦੇ ਹਨ ਤਾਂ ਦੰਦਾਂ ਹੇਠ ਉਂਗਲੀਆਂ ਦਬਾ ਲੈਂਦੇ ਹਨ।’’ ਉਨ੍ਹਾਂ ਕਿਹਾ ਕਿ ਗੁਜਰਾਤ ਤੋਂ ਬਹੁਤ ਸਿੱਖਿਆ ਹੈ।