Aryan Khan Case: ਦਿੱਲੀ ਹਾਈ ਕੋਰਟ ਨੇ ਬੁੱਧਵਾਰ (17 ਮਈ) ਨੂੰ ਆਰੀਅਨ ਖਾਨ ਕਰੂਜ਼ ਡਰੱਗਜ਼ ਮਾਮਲੇ ਵਿੱਚ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਅੰਤਰਿਮ ਰਾਹਤ ਦਿੱਤੀ। ਹਾਈਕੋਰਟ ਨੇ ਵਾਨਖੇੜੇ ਖਿਲਾਫ ਗ੍ਰਿਫਤਾਰੀ ਸਮੇਤ ਕਿਸੇ ਵੀ ਕਾਰਵਾਈ 'ਤੇ 22 ਮਈ ਤੱਕ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਵਾਨਖੇੜੇ ਨੂੰ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਨ ਲਈ ਕਿਹਾ ਗਿਆ ਹੈ।


ਇਹ ਨਿਰਦੇਸ਼ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਸੀਬੀਆਈ ਨੇ ਆਰੀਅਨ ਖਾਨ ਨੂੰ ਅੱਜ ਯਾਨੀਕਿ 18 ਮਈ ਨੂੰ ਕਰੂਜ਼ ਡਰੱਗਜ਼ ਮਾਮਲੇ 'ਚ ਪੁੱਛਗਿੱਛ ਲਈ ਬੁਲਾਇਆ ਹੈ। ਵਾਨਖੇੜੇ ਨੂੰ ਰਿੱਟ ਪਟੀਸ਼ਨ ਦੇ ਆਧਾਰ 'ਤੇ ਰਾਹਤ ਮਿਲੀ ਹੈ। ਇਸ ਵਿੱਚ ਵਾਨਖੇੜੇ ਅਤੇ ਐਨਸੀਬੀ ਦੇ ਸੀਨੀਅਰ ਅਧਿਕਾਰੀਆਂ ਦੀ ਗੱਲਬਾਤ ਸਾਹਮਣੇ ਆਈ ਹੈ। ਇਹ ਖੁਲਾਸਾ ਹੋਇਆ ਹੈ ਕਿ NCB ਦੇ ਸੀਨੀਅਰ ਅਧਿਕਾਰੀ ਖੁਦ ਚਾਹੁੰਦੇ ਸਨ ਕਿ ਆਰੀਅਨ ਖਾਨ ਨੂੰ ਵੱਧ ਤੋਂ ਵੱਧ ਦਿਨ NCB ਦੀ ਹਿਰਾਸਤ 'ਚ ਰੱਖਿਆ ਜਾਵੇ।


ਸੀਬੀਆਈ ਨੇ ਕੀ ਲਗਾਇਆ ਇਲਜ਼ਾਮ?
ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਵਾਨਖੇੜੇ ਨੇ ਅਭਿਨੇਤਾ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੇ ਪਰਿਵਾਰ ਤੋਂ ਕਥਿਤ ਤੌਰ 'ਤੇ ਉਸ ਨੂੰ ਡਰੱਗਜ਼ ਕੇਸ ਵਿੱਚ ਨਾ ਫਸਾਉਣ ਲਈ 25 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਸਬੰਧ ਵਿਚ ਸੀਬੀਆਈ ਨੇ ਹਾਲ ਹੀ ਵਿਚ ਵਾਨਖੇੜੇ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ ਐਫਆਈਆਰ ਦਰਜ ਕੀਤੀ ਸੀ।


ਸੀਬੀਆਈ ਨੇ ਐੱਨਸੀਬੀ ਦੀ ਸ਼ਿਕਾਇਤ 'ਤੇ ਵਾਨਖੇੜੇ ਅਤੇ ਹੋਰਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਨਾਲ-ਨਾਲ ਭਾਰਤੀ ਦੰਡਾਵਲੀ ਦੀ ਧਾਰਾ 120ਬੀ (ਅਪਰਾਧਿਕ ਸਾਜ਼ਿਸ਼) ਅਤੇ 388 (ਧਮਕੀ ਨਾਲ ਜਬਰੀ ਵਸੂਲੀ) ਦੇ ਤਹਿਤ ਰਿਸ਼ਵਤਖੋਰੀ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।


ਨਸ਼ਾ ਵਿਰੋਧੀ ਏਜੰਸੀ NCB ਨੇ 3 ਅਕਤੂਬਰ 2021 ਨੂੰ ਆਰੀਅਨ ਖਾਨ ਨੂੰ ਗ੍ਰਿਫਤਾਰ ਕੀਤਾ ਸੀ। ਖਾਨ ਲਗਭਗ 25 ਦਿਨ ਜੇਲ੍ਹ ਵਿੱਚ ਰਿਹਾ ਅਤੇ 28 ਅਕਤੂਬਰ, 2021 ਨੂੰ ਬੰਬੇ ਹਾਈ ਕੋਰਟ ਨੇ ਉਸਨੂੰ ਜ਼ਮਾਨਤ ਦੇ ਦਿੱਤੀ। 27 ਮਈ, 2022 ਨੂੰ ਆਰੀਅਨ ਖਾਨ ਨੂੰ ਕਲੀਨ ਚਿੱਟ ਦਿੰਦੇ ਹੋਏ, NCB ਨੇ ਕਿਹਾ ਸੀ ਕਿ ਉਸਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।