ਦੇਸ਼ ਦੇ ਉੱਤਰ-ਪੂਰਬੀ ਰਾਜ ਆਸਾਮ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਬਾਰਿਸ਼ ਕਾਰਨ ਕਈ ਨਦੀਆਂ 'ਚ ਉਛਾਲ ਆ ਗਿਆ ਹੈ, ਜਿਸ ਕਾਰਨ ਆਸਾਮ ਦੇ ਕਈ ਸੂਬਿਆਂ ਦੇ ਨੀਵੇਂ ਇਲਾਕਿਆਂ 'ਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ। ਅਸਾਮ 'ਚ ਹੜ੍ਹ ਕਾਰਨ 5 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 25 ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ 22 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।


ਆਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ASDMA) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਾਰਪੇਟਾ, ਕਛਰ, ਦਰੰਗ, ਕਰੀਮਗੰਜ ਅਤੇ ਮੋਰੀਗਾਂਵ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਡੁੱਬਣ ਕਾਰਨ ਚਾਰ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋ ਹੋਰ ਜ਼ਿਲ੍ਹਿਆਂ ਵਿੱਚ ਦੋ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ।


ਮਰਨ ਵਾਲਿਆਂ ਦੀ ਗਿਣਤੀ 126 ਤੱਕ ਪਹੁੰਚੀ
ਅਸਾਮ ਵਿੱਚ ਹੜ੍ਹਾਂ ਕਾਰਨ 5 ਨਵੀਆਂ ਮੌਤਾਂ ਨਾਲ ਇਸ ਸਾਲ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ 126 ਤੱਕ ਪਹੁੰਚ ਗਈ ਹੈ। ਏਐਸਡੀਐਮਏ ਵੱਲੋਂ ਜਾਰੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਬਾਜਲੀ, ਬਕਸਾ, ਬਾਰਪੇਟਾ, ਕਛਰ, ਚਿਰੰਗ, ਦਰੰਗ, ਧੇਮਾਜੀ ਵਿੱਚ ਹੜ੍ਹ ਕਾਰਨ 22,21,500 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।



ਬਾਰਪੇਟਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ
ਜਾਣਕਾਰੀ ਮੁਤਾਬਕ ਬਾਰਪੇਟਾ ਹੜ੍ਹ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਜਿੱਥੇ ਸੱਤ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਬਾਅਦ ਨਗਾਓਂ ਵਿੱਚ 5.13 ਲੱਖ ਤੋਂ ਵੱਧ, ਕਛਰ ਜ਼ਿਲ੍ਹੇ ਵਿੱਚ 2.77 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਐਤਵਾਰ ਨੂੰ ਹੜ੍ਹਾਂ ਦੇ ਵਿਚਕਾਰ ਕਚਾਰ ਦੇ ਸਿਲਚਰ ਅਤੇ ਕਾਮਰੂਪ ਦੇ ਹਾਜੋ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਏਜੰਸੀਆਂ ਨੂੰ ਜਲਦੀ ਤੋਂ ਜਲਦੀ ਮਦਦ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ।