Aatishi Marlena Delhi New CM: ਸਾਬਕਾ ਆਪ ਨੇਤਾ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਆਤਿਸ਼ੀ ਦੇ ਦਿੱਲੀ ਦੇ ਮੁੱਖ ਮੰਤਰੀ ਬਣਨ 'ਤੇ ਚੁਟਕੀ ਲਈ ਹੈ। ਸਵਾਤੀ ਮਾਲੀਵਾਲ ਨੇ ਇਸ ਨੂੰ ਦਿੱਲੀ ਲਈ ਬਹੁਤ ਦੁਖਦਾਈ ਦਿਨ ਦੱਸਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਆਤਿਸ਼ੀ ਨੂੰ ਡੰਮੀ ਮੁੱਖ ਮੰਤਰੀ ਕਰਾਰ ਦਿੱਤਾ ਹੈ।


ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, “ਅੱਜ ਦਾ ਦਿਨ ਦਿੱਲੀ ਲਈ ਬਹੁਤ ਦੁਖਦਾਈ ਹੈ। ਅੱਜ ਉਸ ਔਰਤ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ ਗਿਆ ਹੈ ਜਿਸ ਦੇ ਪਰਿਵਾਰ ਨੇ ਅੱਤਵਾਦੀ ਅਫਜ਼ਲ ਗੁਰੂ ਨੂੰ ਫਾਂਸੀ ਤੋਂ ਬਚਾਉਣ ਲਈ ਲੰਬੀ ਲੜਾਈ ਲੜੀ ਸੀ। ਉਸ ਦੇ ਮਾਤਾ-ਪਿਤਾ ਨੇ ਅੱਤਵਾਦੀ ਅਫਜ਼ਲ ਗੁਰੂ ਨੂੰ ਬਚਾਉਣ ਲਈ ਮਾਨਯੋਗ ਰਾਸ਼ਟਰਪਤੀ ਨੂੰ ਰਹਿਮ ਦੀਆਂ ਅਪੀਲਾਂ ਲਿਖੀਆਂ।






ਸਵਾਤੀ ਮਾਲੀਵਾਲ ਨੇ ਅੱਗੇ ਲਿਖਿਆ, "ਆਤਿਸ਼ੀ ਦੇ ਮਾਤਾ-ਪਿਤਾ ਮੁਤਾਬਕ ਅਫਜ਼ਲ ਗੁਰੂ ਬੇਕਸੂਰ ਸੀ ਤੇ ਉਸ ਨੂੰ ਸਿਆਸੀ ਸਾਜ਼ਿਸ਼ ਦੇ ਹਿੱਸੇ ਵਜੋਂ ਫਸਾਇਆ ਗਿਆ ਸੀ। ਹਾਲਾਂਕਿ ਆਤਿਸ਼ੀ ਸਿਰਫ 'ਡਮੀ ਸੀ.ਐੱਮ' ਹੈ, ਫਿਰ ਵੀ ਇਹ ਮੁੱਦਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਰੱਬ ਦਿੱਲੀ ਦੀ ਰੱਖਿਆ ਕਰੇ।"


ਤੁਹਾਨੂੰ ਦੱਸ ਦੇਈਏ ਕਿ ਆਤਿਸ਼ੀ ਅਤੇ ਸਵਾਤੀ ਮਾਲੀਵਾਲ ਵਿਚਾਲੇ ਸ਼ਬਦੀ ਜੰਗ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਜਦੋਂ ਸਵਾਤੀ ਮਾਲੀਵਾਲ ਨੇ ਸਾਬਕਾ ਪੀਏ ਵਿਭਵ ਰਾਏ 'ਤੇ ਸੀਐਮ ਹਾਊਸ 'ਚ ਕੁੱਟਮਾਰ ਦਾ ਦੋਸ਼ ਲਗਾਇਆ ਸੀ ਤਾਂ ਆਤਿਸ਼ੀ ਨੇ ਸਵਾਤੀ 'ਤੇ ਹਮਲਾ ਕੀਤਾ ਸੀ। ਆਤਿਸ਼ੀ ਨੇ ਉਦੋਂ ਦਾਅਵਾ ਕੀਤਾ ਸੀ ਕਿ ਸੰਸਦ ਮੈਂਬਰ ਸਵਾਤੀ ਮਾਲੀਵਾਲ ਗੈਰ-ਕਾਨੂੰਨੀ ਭਰਤੀ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਉਸ ਉੱਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਸੀ। ਇਸੇ ਕਾਰਨ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ‘ਬਲੈਕਮੇਲ’ ਕਰਕੇ ਮੁੱਖ ਮੰਤਰੀ ਕੇਜਰੀਵਾਲ ਵਿਰੁੱਧ ਸਾਜ਼ਿਸ਼ ਦਾ ਹਿੱਸਾ ਬਣਾਇਆ। ਆਤਿਸ਼ੀ ਨੇ ਦੋਸ਼ ਲਾਇਆ ਸੀ ਕਿ ਮਾਲੀਵਾਲ ਬਿਨਾਂ ਮੁਲਾਕਾਤ ਲਏ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਪਹੁੰਚ ਗਏ ਸਨ।