Wrestlers Protest: ਸਰਕਾਰ ਦੀ ਸਖਤੀ ਦੇ ਬਾਵਜੂਦ ਮਹਿਲਾ ਪਹਿਲਵਾਲਾਂ ਦੇ ਅੰਦੋਲਨ ਨੂੰ ਚੁਫੇਰਿਓਂ ਹਮਾਇਤ ਮਿਲ ਰਹੀ ਹੈ। ਹੁਣ ਯੋਗ ਗੁਰੂ ਰਾਮਦੇਵ ਨੇ ਵੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਖ਼ਿਲਾਫ਼ ਧਰਨੇ ’ਤੇ ਬੈਠੀਆਂ ਮਹਿਲਾ ਪਹਿਲਵਾਲਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜੇਲ੍ਹ ਭੇਜ ਦੇਣਾ ਚਾਹੀਦਾ ਹੈ। 


ਰਾਮਦੇਵ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਲੱਗੇ ਇਹ ਦੋਸ਼ ਬੇਹਦ ਸ਼ਰਮਨਾਕ ਹਨ। ਬਾਬਾ ਰਾਮਦੇਵ ਨੇ ਕਿਹਾ, ‘‘ਅਜਿਹੇ ਸ਼ਖ਼ਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਣਾ ਚਾਹੀਦਾ ਹੈ। ਉਹ ਹਰ ਰੋਜ਼ ਧੀਆਂ-ਭੈਣਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਦੇ ਰਹਿੰਦੇ ਹਨ।’’ 


ਬਾਬਾ ਰਾਮਦੇਵ ਨੇ ਕਿਹਾ ਕਿ ਉਹ ਕਦੇ ਵੀ ਸਿਆਸਤ ਵਿੱਚ ਨਹੀਂ ਆਉਣਗੇ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਘਾ ਵੀ ਕੀਤੀ। ਉਂਝ ਰਾਮਦੇਵ ਬੀਜੇਪੀ ਜਾਂ ਮੋਦੀ ਸਰਕਾਰ ਖਿਲਾਫ ਕਦੇ ਵੀ ਨਹੀਂ ਬੋਲਦੇ।


ਉਧਰ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਪੁਲਿਸ ਹਿਰਾਸਤ ਵਿੱਚ ਲਏ ਜਾਣ ਦੀ ਨਿਖੇਧੀ ਕੀਤੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਵੀ ਪੁਲਿਸ ਕਾਰਵਾਈ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ‘ਉਹ ਦੇਸ਼ ਦੇ ਚੈਂਪੀਅਨ ਹਨ, ਅਤਿਵਾਦੀ ਨਹੀਂ।’ 


ਕੇਜਰੀਵਾਲ ਨੇ ਮਲਿਕ ਵੱਲੋਂ ਸਾਂਝੀ ਕੀਤੀ ਵੀਡੀਓ ਨੂੰ ਰੀਟਵੀਟ ਕੀਤਾ ਜਿਸ ਵਿੱਚ ਪੁਲਿਸ ਪਹਿਲਵਾਨਾਂ ਨੂੰ ਇੱਕ ਲੰਮੀ ਝੜਪ ਤੋਂ ਬਾਅਦ ਵੈਨ ਵਿੱਚ ਖਿੱਚਦੀ ਨਜ਼ਰ ਆ ਰਹੀ ਹੈ। ਕੇਜਰੀਵਾਲ ਨੇ ਲਿਖਿਆ, ‘‘ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਅਜਿਹਾ ਸਲੂਕ ਬਹੁਤ ਗਲਤ ਤੇ ਨਿੰਦਣਯੋਗ ਹੈ। 


ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਵੀ ਟਵੀਟ ਕਰਕੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ। ਉਨ੍ਹਾਂ ਸਾਕਸ਼ੀ ਮਲਿਕ ਨੂੰ ਜਬਰੀ ਪੁਲਿਸ ਹਿਰਾਸਤ ਵਿੱਚ ਲਏ ਜਾਣ ਦੀ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ, ‘‘ਇਹ ਸਾਕਸ਼ੀ ਮਲਿਕ ਹੈ। ਓਲੰਪਿਕ ਤਗ਼ਮਾ ਜੇਤੂ, ਪਦਮ ਸ੍ਰੀ ਤੇ ਖੇਲ ਰਤਨ ਪੁਰਸਕਾਰ ਜੇਤੂ। ਅੱਜ ਉਸ ਨੂੰ ਦਿੱਲੀ ਦੀਆਂ ਸੜਕਾਂ ’ਤੇ ਇਸ ਤਰ੍ਹਾਂ ਘਸੀਟਿਆ ਗਿਆ। ਇਹ ਬਜਰੰਗ ਪੂਨੀਆ ਹੈ। ਉਹ ਇੱਕ ਓਲੰਪਿਕ  ਤਗ਼ਮਾ ਜੇਤੂ ਤੇ ਪਦਮ ਸ੍ਰੀ, ਖੇਲ ਰਤਨ ਐਵਾਰਡੀ ਵੀ ਹੈ। ਉਸ ਨੇ ਮਹਿਲਾ ਪਹਿਲਵਾਨਾਂ ਖਾਤਿਰ ਨਿਆਂ ਦੀ ਲੜਾਈ ਲੜਨ ਲਈ ਆਪਣਾ ਪੂਰਾ ਕਰੀਅਰ ਜੋਖਮ ਵਿੱਚ ਪਾ ਦਿੱਤਾ ਹੈ। ਉਸ ਨੂੰ ਵੀ ਦਿੱਲੀ ਪੁਲੀਸ ਨੇ ਘੜੀਸਿਆ  ਅਤੇ ਹਿਰਾਸਤ ਵਿੱਚ ਲਿਆ ਹੈ! ਉਹ ਦੇਸ਼ ਦੇ ਚੈਂਪੀਅਨ ਹਨ, ਅਤਿਵਾਦੀ ਨਹੀਂ! ਸ਼ਰਮਨਾਕ ਹੈ।’’