Baba Siddique Shot Dead: ਐਨਸੀਪੀ ਅਜੀਤ ਪਵਾਰ ਧੜੇ ਦੇ ਸੀਨੀਅਰ ਆਗੂ ਬਾਬਾ ਸਿੱਦੀਕੀ ਦੀ ਮੁੰਬਈ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਾਬਾ ਸਿੱਦੀਕੀ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਸਿੱਦੀਕੀ ਦੇ ਬੇਟੇ ਜੀਸ਼ਾਨ ਸਿੱਦੀਕੀ 'ਤੇ ਬਾਂਦਰਾ ਖੇਰਵਾੜੀ ਸਿਗਨਲ ਸਥਿਤ ਉਨ੍ਹਾਂ ਦੇ ਦਫ਼ਤਰ ਨੇੜੇ ਗੋਲੀਬਾਰੀ ਕੀਤੀ ਗਈ ਸੀ। ਬਾਬਾ ਸਿੱਦੀਕੀ ਕਤਲ ਕੇਸ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਹੈ।


ਮੁੰਬਈ ਕ੍ਰਾਈਮ ਬ੍ਰਾਂਚ ਮੁਤਾਬਕ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਬਿਸ਼ਨੋਈ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ। ਮੁਲਜ਼ਮ ਪਿਛਲੇ 25-30 ਦਿਨਾਂ ਤੋਂ ਉਸ ਇਲਾਕੇ ਦੀ ਰੇਕੀ ਕਰ ਰਹੇ ਸਨ। ਤਿੰਨੋਂ ਮੁਲਜ਼ਮ ਘਟਨਾ ਤੋਂ ਪਹਿਲਾਂ ਆਟੋ ਰਿਕਸ਼ਾ ਰਾਹੀਂ ਬਾਂਦਰਾ ਈਸਟ (ਜਿੱਥੇ ਗੋਲੀਆਂ ਚਲਾਈਆਂ ਗਈਆਂ ਸਨ) ਪਹੁੰਚੇ ਸਨ। ਸੂਤਰਾਂ ਨੇ ਦੱਸਿਆ ਕਿ ਤਿੰਨੋਂ ਬਾਬਾ ਸਿੱਦੀਕੀ 'ਤੇ ਗੋਲੀ ਚਲਾਉਣ ਤੋਂ ਪਹਿਲਾਂ ਕੁਝ ਦੇਰ ਤੱਕ ਉੱਥੇ ਹੀ ਇੰਤਜ਼ਾਰ ਕਰ ਰਹੇ ਸਨ।



ਪੁਲਿਸ ਨੂੰ ਸ਼ੱਕ ਹੈ ਕਿ ਕੋਈ ਹੋਰ ਵੀ ਮੁਲਜ਼ਮ ਨੂੰ ਸਾਰੀ ਜਾਣਕਾਰੀ ਦੇ ਰਿਹਾ ਸੀ। ਫੜੇ ਗਏ ਦੋ ਦੋਸ਼ੀਆਂ ਦੇ ਨਾਂ ਕਰਨੈਲ ਸਿੰਘ (ਹਰਿਆਣਾ) ਅਤੇ ਧਰਮਰਾਜ ਕਸ਼ਯਪ (ਉੱਤਰ ਪ੍ਰਦੇਸ਼) ਹਨ। ਦੱਸ ਦਈਏ ਕਿ ਸ਼ੂਟਰਾਂ ਨੇ ਸਿੱਦੀਕੀ 'ਤੇ 6 ਰਾਊਂਡ ਫਾਇਰ ਕੀਤੇ, ਜਿਸ 'ਚ ਉਸ ਨੂੰ ਤਿੰਨ ਗੋਲੀਆਂ ਲੱਗੀਆਂ। ਜਿਸ ਵਿੱਚੋਂ ਦੋ ਗੋਲੀਆਂ ਛਾਤੀ ਵਿੱਚ ਅਤੇ ਇੱਕ ਗੋਲੀ ਸਰੀਰ ਦੇ ਦੂਜੇ ਹਿੱਸੇ ਵਿੱਚ ਲੱਗੀ। ਮੁੰਬਈ ਪੁਲਿਸ ਸੂਤਰਾਂ ਨੇ ਦੱਸਿਆ ਕਿ ਬਾਬਾ ਸਿੱਦੀਕੀ ਦੀ ਛਾਤੀ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ।


ਇਹ ਵੀ ਪੜ੍ਹੋ: ਸਿਰਫ ਫਾਇਦਾ ਹੀ ਨਹੀਂ ਨੁਕਸਾਨ ਵੀ ਪਹੁੰਚਾਉਂਦਾ ਹਲਦੀ ਵਾਲਾ ਦੁੱਧ, ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਪੀਣਾ ਚਾਹੀਦਾ


ਇਸ ਸਾਲ ਐਨਸੀਪੀ ਵਿੱਚ ਹੋਏ ਸਨ ਸ਼ਾਮਲ 
ਇਸ ਸਾਲ ਫਰਵਰੀ ਵਿੱਚ ਬਾਬਾ ਸਿੱਦੀਕੀ ਕਾਂਗਰਸ ਛੱਡ ਕੇ ਐਨਸੀਪੀ (ਅਜੀਤ ਪਵਾਰ ਧੜੇ) ਵਿੱਚ ਸ਼ਾਮਲ ਹੋ ਗਏ ਸਨ। ਉਹ ਪਿਛਲੇ 48 ਸਾਲਾਂ ਤੋਂ ਕਾਂਗਰਸ ਵਿੱਚ ਸਨ। ਉਸ ਸਮੇਂ, ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਅਸਤੀਫੇ 'ਤੇ ਲਿਖਿਆ ਸੀ, "ਮੈਂ ਇੱਕ ਨੌਜਵਾਨ ਦੇ ਰੂਪ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਅਤੇ ਇਹ 48 ਸਾਲਾਂ ਦਾ ਇੱਕ ਮਹੱਤਵਪੂਰਨ ਸਫ਼ਰ ਰਿਹਾ ਹੈ। ਅੱਜ ਮੈਂ ਤੁਰੰਤ ਪ੍ਰਭਾਵ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।"



ਇਸ ਘਟਨਾ ਬਾਰੇ ਐੱਨ.ਸੀ.ਪੀ. ਦੇ ਰਾਸ਼ਟਰੀ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ, 'ਐੱਨ.ਸੀ.ਪੀ. ਨੇਤਾ, ਸਾਬਕਾ ਮੰਤਰੀ ਅਤੇ ਲੰਬੇ ਸਮੇਂ ਤੋਂ ਵਿਧਾਇਕ ਰਹੇ ਮੇਰੇ ਸਹਿਯੋਗੀ ਬਾਬਾ ਸਿੱਦੀਕੀ 'ਤੇ ਗੋਲੀਬਾਰੀ ਦੀ ਘਟਨਾ ਬਹੁਤ ਹੀ ਮੰਦਭਾਗੀ, ਨਿੰਦਣਯੋਗ ਅਤੇ ਦੁਖਦਾਈ ਹੈ। ਮੈਂ ਇਸ ਕਾਇਰਾਨਾ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ।"


ਉਨ੍ਹਾਂ ਕਿਹਾ, "ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਮਲੇ ਦੇ ਮਾਸਟਰਮਾਈਂਡ ਨੂੰ ਵੀ ਫੜਿਆ ਜਾਵੇਗਾ। ਬਾਬਾ ਸਿੱਦੀਕੀ ਦੇ ਦੇਹਾਂਤ ਨਾਲ ਅਸੀਂ ਘੱਟ ਗਿਣਤੀ ਭਰਾਵਾਂ ਲਈ ਲੜਨ ਵਾਲੇ ਇੱਕ ਚੰਗੇ ਨੇਤਾ ਅਤੇ ਅੰਤਰ-ਧਾਰਮਿਕ ਸਦਭਾਵਨਾ ਲਈ ਯਤਨਸ਼ੀਲ ਰਹਿਣ ਵਾਲੇ ਚੰਗੇ ਨੇਤਾ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦੀ ਮੌਤ ਐੱਨਸੀਪੀ ਲਈ ਵੱਡਾ ਘਾਟਾ ਹੈ।"


ਇਹ ਵੀ ਪੜ੍ਹੋ: Weather Update: ਪੰਜਾਬ-ਚੰਡੀਗੜ੍ਹ 'ਚ ਵਧੇਗੀ ਠੰਢ, ਅੱਜ ਨਹੀਂ ਰਹੇਗੀ ਬੱਦਲਵਾਈ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ