ਹਰਪਿੰਦਰ ਸਿੰਘ ਟੌਹੜਾ


ਚੰਡੀਗੜ੍ਹ: ਭਾਰਤੀ ਹਾਕੀ ਟੀਮ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਸੋਮਵਾਰ ਸਵੇਰ ਦੇਹਾਂਤ ਹੋ ਗਿਆ। ਬਲਬੀਰ ਸੀਨੀਅਰ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਸਵੇਰੇ ਸਵਾ ਛੇ ਵਜੇ ਆਖਰੀ ਸਾਹ ਲਏ। ਉਨ੍ਹਾਂ ਨੂੰ ਤੇਜ਼ ਬੁਖਾਰ ਹੋਣ ਕਾਰਨ 8 ਮਈ ਨੂੰ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਤਿੰਨ ਵਾਰ ਦਿਲ ਦਾ ਦੌਰਾ ਵੀ ਪਿਆ।


ਬਲਬੀਰ ਸਿੰਘ ਸੀਨੀਅਰ ਹਾਕੀ ਦੇ ਜਾਦੂਗਰ ਧਿਆਨ ਚੰਦ ਤੋਂ ਬਾਅਦ ਹਾਕੀ ਦੇ ਸੁਨਹਿਰੀ ਇਤਿਹਾਸ ਦਾ ਕੀਮਤੀ ਪੰਨਾ ਹੈ। 10 ਅਕਤੂਬਰ, 1924 ਨੂੰ ਪਿੰਡ ਹਰੀਪੁਰ ਖ਼ਾਲਸਾ ਤੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਵਾਲੇ ਬਲਬੀਰ ਸਿੰਘ ਸੀਨੀਅਰ ਨੇ 1948 ਲੰਡਨ ਓਲੰਪਿਕ ਤੋਂ ਆਪਣੇ ਅੰਤਰਰਾਸ਼ਟਰੀ ਹਾਕੀ ਕਰੀਅਰ ਦਾ ਆਗਾਜ਼ ਕੀਤਾ।


ਭਾਰਤ ਨੇ ਆਪਣੇ ਮੁਢਲੇ ਮੈਚ ਵਿੱਚ ਅਰਜਨਟੀਨਾ ਨੂੰ 9-1 ਗੋਲਾਂ ਨਾਲ ਹਰਾਇਆ ਜਿਸ ਵਿੱਚ ਬਲਵੀਰ ਸਿੰਘ ਨੇ 6 ਗੋਲ ਕੀਤੇ, ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਵਿਰੁੱਧ ਦੋ ਗੋਲ ਕਰਕੇ ਆਜ਼ਾਦ ਭਾਰਤ ਨੂੰ ਓਲੰਪਿਕ ਖੇਡਾਂ ਦਾ ਪਹਿਲਾ ਸੋਨ ਤਗਮਾ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਾਲ 1952 ਹੈਲਸਿੰਕੀ ਓਲੰਪਿਕ ਵਿੱਚ ਬਲਵੀਰ ਸਿੰਘ ਦਾ ਹਾਕੀ ਸਿਤਾਰਾ ਪੂਰੀ ਤਰ੍ਹਾਂ ਸਿਖਰ 'ਤੇ ਸੀ। ਕਪਤਾਨ ਕੇਡੀ ਸਿੰਘ ਬਾਬੂ ਦੀ ਅਗਵਾਈ ਹੇਠ ਬਲਵੀਰ ਸਿੰਘ ਸੀਨੀਅਰ ਟੀਮ ਦੇ ਉੱਪ ਕਪਤਾਨ ਬਣੇ ਸਨ। ਪੂਰੇ ਟੂਰਨਾਮੈਂਟ ਦੌਰਾਨ ਭਾਰਤ ਨੇ ਵਿਰੋਧੀ ਟੀਮਾਂ ਸਿਰ 13 ਗੋਲ ਕੀਤੇ ਜਿਨ੍ਹਾਂ ਵਿੱਚੋਂ 9 ਗੋਲ ਇਕੱਲੇ ਬਲਬੀਰ ਸਿੰਘ ਨੇ ਕੀਤੇ ਸਨ।


ਸੈਮੀਫਾਈਨਲ ਵਿੱਚ ਇੰਗਲੈਂਡ ਵਿਰੁੱਧ ਹੈਟ੍ਰਿਕ ਤੋਂ ਇਲਾਵਾ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਹਾਲੈਂਡ ਨੂੰ 6-1 ਗੋਲਾਂ ਨਾਲ ਹਰਾਇਆ ਜਿਸ ਵਿੱਚ ਬਲਵੀਰ ਸਿੰਘ ਨੇ ਇਕੱਲੇ ਨੇ 5 ਗੋਲ ਕੀਤੇ ਸਨ। ਕਿਸੇ ਓਲੰਪਿਕ ਖੇਡਾਂ ਦੇ ਫਾਈਨਲ ਮੁਕਾਬਲੇ ਵਿੱਚ ਪੰਜ ਗੋਲ ਕਰਨ ਦਾ ਰਿਕਾਰਡ ਅਜੇ ਤੱਕ ਕੋਈ ਤੋੜ ਨਹੀਂ ਸਕਿਆ।


ਇਸ ਤੋਂ ਬਾਅਦ 1956 ਮੈਲਬਰਨ ਓਲੰਪਿਕ ਖੇਡਾਂ ਵਿੱਚ ਬਲਬੀਰ ਸਿੰਘ ਸੀਨੀਅਰ ਨੂੰ ਪਹਿਲੇ ਸਿੱਖ ਕਪਤਾਨ ਬਣਨ ਦਾ ਮਾਣ ਮਿਲਿਆ ਅਤੇ ਪੂਰੀ ਦੁਨੀਆ ਨੇ ਉਨ੍ਹਾਂ ਨੂੰ "ਕਿੰਗ ਆਫ ਦਾ ਡੀ " ਖਿਡਾਰੀ ਹੋਣ ਦਾ ਰੁਤਬਾ ਦਿੱਤਾ। ਉਨ੍ਹਾਂ ਦੇ ਹਾਕੀ ਹੁਨਰ ਦਾ ਜਾਦੂ ਪੂਰੀ ਦੁਨੀਆਂ ਵਿੱਚ ਸਿਰ ਚੜ੍ਹ ਕੇ ਬੋਲਿਆ।


ਉਨ੍ਹਾਂ ਦੀ ਕਪਤਾਨੀ ਹੇਠ ਭਾਰਤ ਨੇ ਮੈਲਬਰਨ ਓਲੰਪਿਕ ਵਿੱਚ ਪਾਕਿਸਤਾਨ ਨੂੰ 1-0 ਗੋਲ ਨਾਲ ਹਰਾ ਕੇ ਸੋਨ ਤਗਮਾ ਜਿੱਤ ਕੇ ਆਜ਼ਾਦ ਭਾਰਤ ਦੀ ਜੇਤੂ ਹੈਟ੍ਰਿਕ ਅਤੇ ਓਲੰਪਿਕ ਖੇਡਾਂ ਵਿੱਚ ਲਗਾਤਾਰ ਛੇਵਾਂ ਸੋਨ ਤਗਮਾ ਭਾਰਤ ਦੇ ਨਾਂਅ ਕੀਤਾ। ਓਲੰਪਿਕ ਖੇਡਾਂ ਦੀ ਜਿੱਤ ਤੋਂ ਬਾਅਦ ਜਦੋਂ ਮੁੰਬਈ ਵਿਚ ਭਾਰਤੀ ਫਿਲਮੀ ਅਦਾਕਾਰਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ ਤਾਂ ਫ਼ਿਲਮ ਸਟਾਰ ਰਾਜ ਕਪੂਰ ਨੂੰ ਇਹ ਕਹਿਣਾ ਪਿਆ ਕਿ ਅਸੀਂ ਤਾਂ ਨਕਲੀ ਹੀਰੋ ਹਾਂ ਅਸਲ ਹੀਰੋ ਤਾ ਬਲਵੀਰ ਸਿੰਘ ਸੀਨੀਅਰ ਹੈ ਜੋ ਆਪਣੀ ਐਕਟਿੰਗ ਨਾਲ ਨਹੀਂ ਸਗੋਂ ਆਪਣੇ ਹਾਕੀ ਹੁਨਰ ਦੇ ਨਾਲ ਭਾਰਤ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕਰ ਕੇ ਆਇਆ ਹੈ।


1956 ਓਲੰਪਿਕ ਖੇਡਾਂ ਦੀ ਯਾਦ ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਦੇ ਨਾਂਅ ਤੇ ਡਾਕ ਟਿਕਟ ਜਾਰੀ ਕੀਤੀ। 1957 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ੍ਰੀ ਅਵਾਰਡ ਨਾਲ ਨਿਵਾਜਿਆ। ਸਾਲ 2006 ਵਿੱਚ ਉਨ੍ਹਾਂ ਨੂੰ ਸਰਵੋਤਮ ਸਿੱਖ ਖਿਡਾਰੀ ਦਾ ਖਿਤਾਬ, 2015 ਵਿੱਚ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ ਪਰ ਜਿਸ ਐਵਾਰਡ ਦੇ ਉਹ ਅਸਲ ਹੱਕਦਾਰ ਸਨ ਭਾਰਤ ਰਤਨ ਐਵਾਰਡ, ਉਸ ਬਾਰੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਣਗੌਲਿਆ ਹੀ ਰੱਖਿਆ।


ਬਲਬੀਰ ਸਿੰਘ ਸੀਨੀਅਰ ਨੇ ਕੁੱਲ 36 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤਗਮੇ ਜਿੱਤੇ। ਲੰਡਨ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਨੂੰ ਦੁਨੀਆਂ ਦੇ 16 ਆਈਕੌਨਿਕ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। 1962 ਤੋਂ ਲੈਕੇ 1982 ਤੱਕ ਉਹ ਭਾਰਤ ਦੀਆਂ ਵੱਖ-ਵੱਖ ਟੀਮਾਂ ਦੇ ਬਤੌਰ ਕੋਚ ਜਾਂ ਮੈਨੇਜਰ ਰਹੇ। ਇੱਥੋਂ ਤੱਕ 1975 ਵਿਸ਼ਵ ਕੱਪ ਹਾਕੀ ਦੇ ਚੈਂਪੀਅਨ ਭਾਰਤ ਟੀਮ ਦੇ ਵੀ ਉਹ ਮੈਨੇਜਰ ਸਨ। 1941 ਤੋਂ 1961 ਤੱਕ ਲਗਾਤਾਰ ਉਹ ਪੰਜਾਬ ਪੁਲਿਸ ਹਾਕੀ ਟੀਮ ਦੇ ਕਪਤਾਨ ਰਹੇ ਤੇ ਪੰਜਾਬ ਸਰਕਾਰ ਦੇ ਵੱਖ ਵੱਖ ਅਹੁਦਿਆਂ 'ਤੇ ਵੀ ਬਿਰਾਜਮਾਨ ਰਹੇ।


ਇਹ ਵੀ ਪੜ੍ਹੋ: ਕੈਪਟਨ ਨੂੰ ਅੱਖਾਂ ਵਿਖਾਉਣ ਵਾਲਿਆਂ ਨੂੰ ਲੱਗੇਗਾ ਝਟਕਾ, ਮੰਤਰੀ ਮੰਡਲ 'ਚ ਫੇਰਬਦਲ ਦੀ ਚਰਚਾ


ਪੰਜਾਬ ਸਰਕਾਰ ਨੇ ਪਿਛਲੇ ਸਾਲ ਉਨ੍ਹਾਂ ਨੂੰ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਸੀ। ਹਾਕੀ ਸਿਤਾਰੇ ਨੂੰ 95 ਸਾਲ ਦੀ ਉਮਰ ਵਿੱਚ ਸਟੇਟ ਐਵਾਰਡ ਮਿਲਿਆ। ਬਲਬੀਰ ਸੀਨੀਅਰ ਨੂੰ ਭਾਰਤ ਰਤਨ ਦਵਾਉਣ ਲਈ ਕਾਫੀ ਮੁਹਿੰਮਾਂ ਵੀ ਚੱਲੀਆਂ ਪਰ ਭਾਰਤ ਰਤਨ ਤੋਂ ਸੱਖਣੇ ਹੀ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।


ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕ ਨਾਲ ਸਾਬਕਾ ਡੀਐਸਪੀ ਨੇ ਲਿਆ ਪੰਗਾ, ਹੁਣ ਕੇਸ ਦਰਜ

ਇਹ ਵੀ ਪੜ੍ਹੋ: ਦੋ ਮਹੀਨੇ ਬਾਅਦ ਦੇਸ਼ 'ਚ ਘਰੇਲੂ ਹਵਾਈ ਉਡਾਣਾਂ ਸ਼ੁਰੂ, ਦਿੱਲੀ ਤੋਂ ਉੱਡਿਆ ਪਹਿਲਾ ਜਹਾਜ਼

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ